ਰਾਫ਼ੇਲ ਸੌਦੇ ਬਾਰੇ ਜਾਣਕਾਰੀ ਜਨਤਕ ਨਹੀਂ ਕਰ ਸਕਦੇ : ਜੇਤਲੀ

ਖ਼ਬਰਾਂ, ਰਾਸ਼ਟਰੀ

ਕਿਹਾ - ਨੋਟਬੰਦੀ, ਜੀਐਸਟੀ ਜਿਹੇ ਸਖ਼ਤ ਫ਼ੈਸਲਿਆਂ ਦੇ ਬਾਵਜੂਦ ਭਾਰਤੀ ਅਰਥਚਾਰਾ ਦੁਨੀਆਂ ਦਾ 'ਰੌਸ਼ਨ ਪ੍ਰਕਾਸ਼ਪੁੰਜ'

ਕਿਹਾ - ਨੋਟਬੰਦੀ, ਜੀਐਸਟੀ ਜਿਹੇ ਸਖ਼ਤ ਫ਼ੈਸਲਿਆਂ ਦੇ ਬਾਵਜੂਦ ਭਾਰਤੀ ਅਰਥਚਾਰਾ ਦੁਨੀਆਂ ਦਾ 'ਰੌਸ਼ਨ ਪ੍ਰਕਾਸ਼ਪੁੰਜ'
ਨਵੀਂ ਦਿੱਲੀ, 8 ਫ਼ਰਵਰੀ : ਰਾਫ਼ੇਲ ਜਹਾਜ਼ ਸੌਦੇ ਦੇ ਮਾਮਲੇ ਵਿਚ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਸੌਦੇ ਦੀ ਜਾਣਕਾਰੀ ਜਨਤਕ ਕਰਨ ਦੀ ਮੰਗ ਕਰ ਕੇ ਰਾਹੁਲ ਗਾਂਧੀ ਭਾਰਤ ਦੀ ਰਾਸ਼ਟਰੀ ਸੁਰੱਖਿਆ ਨਾਲ ਗੰਭੀਰ ਸਮਝੌਤਾ ਕਰ ਰਹੇ ਹਨ ਅਤੇ ਇਸ ਬਾਰੇ ਉਨ੍ਹਾਂ ਨੂੰ ਵੇਲੇ ਦੇ ਰਖਿਆ ਮੰਤਰੀ ਪ੍ਰਣਬ ਮੁਖਰਜੀ ਕੋਲੋਂ ਸਿਖਣਾ ਚਾਹੀਦਾ ਹੈ। ਜੇਤਲੀ ਨੇ ਕਿਹਾ, 'ਮੇਰਾ ਦੋਸ਼ ਹੈ ਕਿ ਕਾਂਗਰਸ ਪ੍ਰਧਾਨ ਭਾਰਤ ਦੀ ਸੁਰੱਖਿਆ ਨਾਲ ਗੰਭੀਰ ਸਮਝੌਤਾ ਕਰ ਰਹੇ ਹਨ।' ਬਜਟ 'ਤੇ ਚਰਚਾ ਦਾ ਜਵਾਬ ਦਿੰਦਿਆਂ ਜੇਤਲੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਦੇ ਰਹੇ ਹਨ ਤੇ ਹੁਣ ਮੌਜੂਦਾ ਸਰਕਾਰ ਵਿਚ ਭ੍ਰਿਸ਼ਟਾਚਾਰ ਲੱਭਣ ਦੇ ਯਤਨ ਹੋ ਰਹੇ ਹਨ। ਜਦ ਕੁੱਝ ਨਹੀਂ ਮਿਲਿਆ ਤਾਂ ਰਾਫ਼ੇਲ ਦਾ ਮੁੱਦਾ ਚੁੱਕ ਲਿਆ ਹੈ।' ਕਾਂਗਰਸ ਮੈਂਬਰ ਸ਼ਸ਼ੀ ਥਰੂਰ ਦੁਆਰਾ ਸਵਾਲ ਚੁੱਕੇ ਜਾਣ 'ਤੇ ਜੇਤਲੀ ਨੇ ਕਿਹਾ, 'ਤੁਹਾਡੀ ਪਾਰਟੀ ਦੇ ਪ੍ਰਧਾਨ ਨੇ ਅਜਿਹੇ ਦੋਸ਼ ਕੌਮੀ ਸੁਰੱਖਿਆ ਦੀ ਕੀਮਤ 'ਤੇ ਲਾਏ ਹਨ।' ਵਿੱਤ ਮੰਤਰੀ ਨੇ ਰਾਹੁਲ ਦਾ ਨਾਮ ਨਹੀਂ ਲਿਆ, ਸਿਰਫ਼ ਕਾਂਗਰਸ ਪ੍ਰਧਾਨ ਕਹਿ ਕੇ ਸੰਬੋਧਨ ਕੀਤਾ। ਜੇਤਲੀ ਨੇ ਕਿਹਾ ਕਿ ਰਾਫ਼ੇਲ ਸੌਦੇ ਦੀ ਜਾਣਕਾਰੀ ਦੇਸ਼ ਹਿੱਤ ਵਿਚ ਜਗ-ਜ਼ਾਹਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਉਸ ਹਥਿਆਰ ਦਾ ਵੇਰਵਾ ਮਿਲ ਜਾਵੇਗਾ। ਕਿਸੇ ਵੀ ਦੇਸ਼ ਨਾਲ ਜਦ ਅਜਿਹਾ ਸੌਦਾ ਹੁੰਦਾ ਹੈ ਤਾਂ ਸੁਰੱਖਿਆ ਸਮਝੌਤੇ ਵਿਚ ਇਹ ਸ਼ਾਮਲ ਹੁੰਦਾ ਹੈ ਅਤੇ ਜੇ ਇਸ ਦਾ ਵੇਰਵਾ ਦੇਵਾਂਗੇ ਤਾਂ ਹਥਿਆਰ ਪ੍ਰਣਾਲੀ ਦੀ ਸਮਰੱਥਾ ਪਤਾ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਜਦ ਪ੍ਰਣਬ ਮੁਖਰਜੀ ਰਖਿਆ ਮੰਤਰੀ ਸਨ ਤਾਂ ਉਨ੍ਹਾਂ ਨੇ ਕੌਮੀ ਸੁਰੱਖਿਆ ਦਾ ਹਵਾਲਾ ਦੇ ਕੇ ਅਮਰੀਕਾ ਨਾਲ ਹਥਿਆਰ ਖ਼ਰੀਦ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਸੀ। ਏ ਕੇ ਐਂਟਨੀ ਨੇ ਵੀ ਇਜ਼ਰਾਈਲ ਨਾਲ ਹਥਿਆਰ ਖ਼ਰੀਦ ਦੀ ਜਾਣਕਾਰੀ ਨਹੀਂ ਦਿਤੀ ਸੀ। ਜੇਤਲੀ ਦੇ ਜਵਾਬ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਦਨ ਵਿਚ ਆਏ ਅਤੇ ਉਹ ਕੁੱਝ ਕਹਿਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਪ੍ਰਵਾਨਗੀ ਨਾ ਮਿਲੀ। ਇਸ 'ਤੇ ਕਾਂਗਰਸ ਮੈਂਬਰ ਨਾਹਰੇਬਾਜ਼ੀ ਕਰਨ ਲੱਗ ਪਏ। ਭਾਰਤ ਨੂੰ 2019 ਦੇ ਅਖ਼ੀਰ ਤਕ ਫ਼ਰਾਂਸ ਤੋਂ 36 ਰਾਫ਼ੇਲ ਲੜਾਕੂ ਜਹਾਜ਼ ਮਿਲਣੇ ਹਨ। ਸਤੰਬਰ 2016 ਵਿਚ 36 ਜਹਾਜ਼ਾਂ ਦੀ ਖ਼ਰੀਦ ਸਬੰਧੀ ਭਾਰਤ ਅਤੇ ਫ਼ਰਾਂਸ ਨੇ ਕਰਾਰ ਕੀਤਾ ਸੀ।