ਰਾਫ਼ੇਲ ਸੌਦੇ ਸਮੇਂ ਰਖਿਆ ਮੰਤਰੀ ਮੱਛੀ ਬਾਜ਼ਾਰ ਵਿਚ ਘੁੰਮ ਰਹੇ ਸਨ : ਰਾਹੁਲ

ਖ਼ਬਰਾਂ, ਰਾਸ਼ਟਰੀ

ਰਾਮਦੁਰਗਾ, 26 ਫ਼ਰਵਰੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸੌਦੇ ਦੇ ਮਾਮਲੇ ਵਿਚ ਇਕ ਵਾਰ ਫਿਰ ਪ੍ਰਧਾਨ ਮੰਤਰੀ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜਦ ਰਾਫ਼ੇਲ ਸੌਦਾ ਹੋਇਆ ਸੀ, ਤਦ ਦੇਸ਼ ਦੇ ਰਖਿਆ ਮੰਤਰੀ ਗੋਆ ਦੇ ਮੱਛੀ ਬਾਜ਼ਾਰ ਵਿਚ ਘੁੰਮ ਰਹੇ ਸਨ। ਉਨ੍ਹਾਂ ਕਿਹਾ ਕਿ ਰਖਿਆ ਮੰਤਰੀ ਨੂੰ ਪਤਾ ਹੀ ਨਹੀਂ ਕਿ ਪ੍ਰਧਾਨ ਮੰਤਰੀ ਰਾਫ਼ੇਲ ਨੇ ਸੌਦਾ ਬਦਲ ਦਿਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਨੂੰ ਗੁਮਰਾਹ ਕੀਤਾ। ਉਹ ਦੱਸਣ ਕਿ ਇਹ ਸੌਦਾ ਕਿੰਨੇ ਰੁਪਏ ਵਿਚ ਤੈਅ ਹੋਇਆ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਧਨਾਢਾਂ ਦੀ ਤਰਫ਼ਦਾਰੀ ਕਰਨ ਦਾ ਦੋਸ਼ ਲਾਇਆ ਅਤੇ ਸਵਾਲ ਕੀਤਾ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੁਧ ਲੜਾਈ ਲੜਨ ਲਈ ਹੁਣ ਤਕ ਲੋਕਪਾਲ ਦੀ ਨਿਯੁਕਤੀ ਕਿਉਂ ਨਹੀਂ ਕੀਤੀ? ਕਰਨਾਟਕ ਦੀਆਂ ਸਾਰੀਆਂ ਰੈਲੀਆਂ ਵਿਚ ਮੋਦੀ 'ਤੇ ਹਮਲਾ ਕਰ ਰਹੇ ਗਾਂਧੀ ਨੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਜਿਹੇ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਦੀ ਚੁੱਪ 'ਤੇ ਸਵਾਲ ਕੀਤਾ। ਉਨ੍ਹਾਂ ਕਿਹਾ, 'ਗੁਜਰਾਤ ਵਿਚ ਮੋਦੀ ਨੇ ਲੋਕਪਾਲ ਕਾਨੂੰਨ ਲਾਗੂ ਨਹੀਂ ਕੀਤਾ।

ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਿਆਂ ਚਾਰ ਸਾਲ ਹੋ ਗਏ ਹਨ, ਉਨ੍ਹਾਂ ਨੇ ਦਿੱਲੀ ਵਿਚ ਵੀ ਲੋਕਪਾਲ ਲਾਗੂ ਨਹੀਂ ਕੀਤਾ।' ਕਾਂਗਰਸ ਪ੍ਰਧਾਨ ਨੇ ਕਿਹਾ ਕਿ ਖ਼ੁਦ ਨੂੰ ਦੇਸ਼ ਦਾ ਚੌਕੀਦਾਰ ਦੱਸਣ ਵਾਲੇ ਮੋਦੀ ਧੋਖਾਧੜੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੀ ਕੰਪਨੀ ਦੀ ਟਰਨਓਵਰ ਵਿਚ ਕਥਿਤ ਵਾਧੇ ਬਾਰੇ ਚੁੱਪ ਹਨ। ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, 'ਦੇਸ਼ ਦੇ ਚੌਕੀਦਾਰ ਕਰਨਾਟਕ ਆਉਂਦੇ ਹਨ ਅਤੇ ਅਪਣੇ ਮੁੱਖ ਮੰਤਰੀ (ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ) ਨਾਲ ਭ੍ਰਿਸ਼ਟਾਚਾਰ ਬਾਰੇ ਬੋਲਦੇ ਹਨ ਜੋ ਇਕ ਪਾਸੇ ਤਾਂ ਖ਼ੁਦ ਜੇਲ ਜਾ ਕੇ ਆਏ ਹਨ ਅਤੇ ਦੂਜੇ ਪਾਸੇ, ਭਾਜਪਾ ਦੇ ਸ਼ਾਸਨਕਾਲ ਵਿਚ ਚਾਰ ਮੰਤਰੀ ਵੀ ਜੇਲ ਗਏ ਸਨ।' ਉਨ੍ਹਾਂ ਕਿਹਾ, 'ਮੋਦੀ ਜੀ, ਦੇਸ਼ ਨੇ ਤੁਹਾਨੂੰ ਸਿਰਫ਼ ਭਾਸ਼ਨ ਦੇਣ ਲਈ ਪ੍ਰਧਾਨ ਮੰਤਰੀ ਨਹੀਂ ਬਣਾਇਆ।'   (ਏਜੰਸੀ)