ਰਾਹੁਲ ਗਾਂਧੀ ਅਗਲੇ ਮਹੀਨੇ ਬਣਨਗੇ ਪਾਰਟੀ ਪ੍ਰਧਾਨ!

ਖ਼ਬਰਾਂ, ਰਾਸ਼ਟਰੀ

ਹੈਦਰਾਬਾਦ, 15 ਸਤੰਬਰ : ਕਾਂਗਰਸ ਦੇ ਸੀਨੀਅਰ ਨੇਤਾ ਐਮ ਵੀਰੱਪਾ ਮੋਇਲੀ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਅੰਦਰੂਨੀ ਚੋਣ ਕਵਾਇਦ ਰਾਹੀਂ ਹੀ ਪਾਰਟੀ ਪ੍ਰਧਾਨ ਬਣਨਾ ਪਸੰਦ ਕਰਨਗੇ। ਉਨ੍ਹਾਂ ਸੰਕੇਤ ਦਿਤੇ ਕਿ ਰਾਹੁਲ ਗਾਂਧੀ ਅਗਲੇ ਮਹੀਨੇ ਵੀ ਇਹ ਜ਼ਿੰਮੇਵਾਰੀ ਸੰਭਾਲ ਸਕਦੇ ਹਨ।
ਰਾਹੁਲ ਨੇ ਹਾਲ ਹੀ ਵਿਚ ਕਿਹਾ ਸੀ ਕਿ ਜੇ ਪਾਰਟੀ ਉਸ ਨੂੰ ਕਹਿੰਦੀ ਹੈ ਤਾਂ ਉਹ ਜ਼ਿੰਮੇਵਾਰੀ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਰਾਹੁਲ ਦਾ ਨਵੀਂ ਜ਼ਿੰਮੇਵਾਰੀ ਸੰਭਾਲਣਾ ਪਾਰਟੀ ਲਈ ਤਸਵੀਰ ਦਾ ਰੁਖ਼ ਬਦਲਣ ਵਾਲਾ ਹੋਵੇਗਾ। ਮੋਇਲੀ ਨੇ ਕਿਹਾ,' ਉਨ੍ਹਾਂ ਨੂੰ ਫ਼ੌਰੀ ਤੌਰ 'ਤੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣਾ ਚਾਹੀਦਾ ਹੈ। ਇਹ ਪਾਰਟੀ ਲਈ ਚੰਗਾ ਹੈ, ਦੇਸ਼ ਲਈ ਵੀ ਚੰਗਾ ਹੈ।' ਉਨ੍ਹਾਂ ਕਿਹਾ, 'ਕਾਂਗਰਸ ਵਿਚ ਹਰ ਕਿਸੇ ਨੂੰ ਲਗਦਾ ਹੈ ਕਿ ਇਸ ਕੰਮ ਵਿਚ ਦੇਰ ਹੋਈ ਹੈ। ਹੁਣ, ਰਾਹੁਲ ਜਥੇਬੰਦਕ ਚੋਣ ਦੀ ਉਡੀਕ ਕਰ ਰਹੇ ਹਨ। ਉਹ ਸਿਰਫ਼ ਚੋਣ ਕਵਾਇਦ ਜ਼ਰੀਏ ਹੀ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨਾ ਚਾਹੁਣਗੇ।
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਰਾਜਾਂ ਵਿਚ ਅੰਦਰੂਨੀ ਚੋਣ ਕਵਾਇਦ ਦੇ ਇਸ ਮਹੀਨੇ ਤਕ ਪੂਰਾ ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਚੋਣਾਂ ਹੋਣਗੀਆਂ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਰਾਹੁਲ ਦੇ ਅਗਲੇ ਮਹੀਨੇ ਪਾਰਟੀ ਪ੍ਰਧਾਨ ਬਣਨ ਦੀ ਉਮੀਦ ਕਰ ਰਹੇ ਹਨ ਤਾਂ ਮੋਇਲੀ ਨੇ ਕਿਹਾ, 'ਸ਼ਾਇਦ ਹਾਂ।' ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ, 'ਰਾਹੁਲ ਗਾਂਧੀ ਇਹ ਕੰਮ ਕਰ ਰਹੇ ਹਨ। ਉਨ੍ਹਾਂ ਨੇ ਹਰ ਰਾਜ ਨਾਲ ਜੁੜੇ ਮਾਮਲਿਆਂ ਦਾ ਹੱਲ ਕਰਨਾ ਹੈ। ਇਸ ਵਾਸਤੇ ਸੂਬਾਵਾਰ ਰਣਨੀਤੀ ਦੀ ਲੋੜ ਹੈ। ਨਾ ਸਿਰਫ਼ ਉਨ੍ਹਾਂ ਰਾਜਾਂ ਲਈ ਜਿਥੇ ਆਉਣ ਵਾਲੇ ਸਮੇਂ ਵਿਚ ਚੋਣਾਂ ਹੋਣੀਆਂ ਹਨ ਸਗੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਵੀ।' ਮੋਇਲੀ ਨੇ ਕਿਹਾ ਕਿ ਰਾਹੁਲ ਦਾ 'ਨਵਾਂ ਦ੍ਰਿਸ਼ਟੀਕੋਣ ਅਤੇ ਨਵਾਂ ਤਰੀਕਾ ਹੈ।' (ਏਜੰਸੀ)