ਰਾਹੁਲ ਗਾਂਧੀ ਨੇ ਮੇਰੇ ਪੁੱਤਰ ਨੂੰ ਪਾਇਲਟ ਬਣਨ 'ਚ ਮਦਦ ਕੀਤੀ : ਨਿਰਭੈ ਦੀ ਮਾਂ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 2 ਨਵੰਬਰ: ਪੰਜ ਸਾਲ ਪਹਿਲਾਂ 16 ਦਸੰਬਰ, 2012 ਨੂੰ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈ ਨਿਰਭੈ ਦੇ ਪ੍ਰਵਾਰ 'ਚ ਅੱਜ ਕਾਫ਼ੀ ਸਮੇਂ ਬਾਅਦ ਖ਼ੁਸ਼ੀਆਂ ਨੇ ਦਸਤਕ ਦਿਤੀ ਹੈ। ਨਿਰਭੈ ਦਾ ਭਰਾ ਹੁਣ ਪੇਸ਼ੇਵਰ ਪਾਇਲਟ ਬਣ ਗਿਆ ਹੈ। ਉਸ ਦੇ ਇਸ ਸੁਪਨੇ ਨੂੰ ਪੂਰਾ ਕਰਨ 'ਚ ਜਿਸ ਵਿਅਕਤੀ ਨੇ ਉਸ ਦੀ ਮਦਦ ਕੀਤੀ ਹੈ ਉਹ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਹਨ।ਨਿਰਭੈ ਦੀ ਮਾਂ ਆਸ਼ਾ ਦੇਵੀ ਨੇ ਇਕ ਰਸਾਲੇ 'ਚ ਦਿਤੀ ਇੰਟਰਵਿਊ 'ਚ ਕਿਹਾ ਹੈ ਕਿ ਰਾਹੁਲ ਗਾਂਧੀ ਕਰ ਕੇ ਹੀ ਉਨ੍ਹਾਂ ਦਾ ਪੁੱਤਰ ਪਾਇਲਟ ਬਣ ਸਕਿਆ। ਰਾਹੁਲ ਨੇ ਨਾ ਸਿਰਫ਼ ਉਸ ਦੀ ਪੜ੍ਹਾਈ-ਲਿਖਾਈ ਦਾ ਪੂਰਾ ਖ਼ਰਚਾ ਚੁਕਿਆ ਬਲਕਿ ਉਹ ਲਗਾਤਾਰ ਉਨ੍ਹਾਂ ਦੇ ਸੰਪਰਕ 'ਚ ਵੀ ਰਹੇ। ਉਹ ਉਨ੍ਹਾਂ ਦੇ ਪੁੱਤਰ ਨੂੰ ਫ਼ੋਨ ਕਰ ਕੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦੇ ਰਹੇ ਅਤੇ ਸਮਝਾਉਂਦੇ ਰਹੇ ਕਿ ਆਸਾਨੀ ਨਾਲ ਹਾਰ ਨਹੀਂ ਮੰਨਣੀ ਹੈ।ਆਸ਼ਾ ਦੇਵੀ ਮੁਤਾਬਕ ਰਾਹੁਲ ਗਾਂਧੀ ਨੇ ਹੀ ਉਨ੍ਹਾਂ ਦੇ ਪ੍ਰਵਾਰ ਨੂੰ ਸਹਾਰਾ ਦੇਣ ਲਈ ਕੁੱਝ ਵਧੀਆ ਕੰਮ ਕਰਨ ਅਤੇ ਟੀਚੇ ਨੂੰ ਹਾਸਲ ਕਰਨ ਲਈ ਪ੍ਰੇਰਿਤ ਕੀਤਾ। 

ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਫ਼ੌਜ 'ਚ ਜਾਣਾ ਚਾਹੁੰਦਾ ਹੈ ਤਾਂ ਰਾਹੁਲ ਨੇ ਉਸ ਨੂੰ ਪਾਇਲਟ ਬਣ ਦੀ ਸਿਖਲਾਈ ਲੈਣ ਦਾ ਸੁਝਾਅ ਦਿਤਾ। ਇਸ ਵੇਲੇ ਨਿਰਭੈ ਦਾ ਭਰਾ ਗੁੜਗਾਉਂ 'ਚ ਸਿਖਲਾਈ ਦੇ ਆਖ਼ਰੀ ਗੇੜ 'ਚ ਹੈ ਅਤੇ ਛੇਤੀ ਹੀ ਉਹ ਕਮਰਸ਼ੀਅਲ ਹਵਾਈ ਜਹਾਜ਼ ਉਡਾਉਣ ਲੱਗੇਗਾ।ਜ਼ਿਕਰਯੋਗ ਹੈ ਕਿ ਨਿਰਭੈ ਨਾਲ ਦਿੱਲੀ 'ਚ ਇਕ ਚਲਦੀ ਬੱਸ ਅੰਦਰ ਸਮੂਹਕ ਬਲਾਤਕਾਰ ਹੋਇਆ ਸੀ। ਉਸ ਨਾਲ 6 ਜਣਿਆਂ ਨੇ ਕੁੱਟਮਾਰ ਵੀ ਕੀਤੀ ਸੀ ਜਿਸ ਮਗਰੋਂ 29 ਦਸੰਬਰ ਨੂੰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਵੇਲੇ ਨਿਰਭੈ ਦਾ ਭਰਾ 12ਵੀਂ 'ਚ ਪੜ੍ਹ ਰਿਹਾ ਸੀ। ਸਾਲ 2013 'ਚ ਉਸ ਨੇ ਰਾਹੁਲ ਗਾਂਧੀ ਦੇ ਸੰਸਦ ਖੇਤਰ ਰਾਏਬਰੇਲੀ 'ਚ ਸਥਿਤ ਇੰਦਰਾ ਗਾਂਧੀ ਰਾਸ਼ਟਰੀ ਉਡਾਨ ਅਕਾਦਮੀ 'ਚ ਦਾਖ਼ਲਾ ਲਿਆ ਸੀ। ਨਿਰਭੈ ਦਾ ਸੱਭ ਤੋਂ ਛੋਟਾ ਭਰਾ ਪੁਣੇ 'ਚ ਇੰਜੀਨੀਅਰਿੰਗ ਕਰ ਰਿਹਾ ਹੈ।  (ਏਜੰਸੀ)