ਰਾਹੁਲ ਨੇ ਪੁਛਿਆ-ਬੈਂਕ ਘਪਲੇ ਸਮੇਂ ਕਿਥੇ ਸੀ ਦੇਸ਼ ਦਾ ਚੌਕੀਦਾਰ?

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 19 ਫ਼ਰਵਰੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੈਂਕ ਘੁਟਾਲੇ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਇਸ ਮਾਮਲੇ ਵਿਚ ਮੋਦੀ ਦੀ ਚੁੱਪ 'ਤੇ ਸਵਾਲ ਚੁਕਦਿਆਂ ਕਿਹਾ ਕਿ ਜਦ ਹੀਰਾ ਕਾਰੋਬਾਰੀ ਨੀਰਵ ਮੋਦੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਾਂਗ ਦੇਸ਼ ਵਿਚੋਂ ਭੱਜ ਗਿਆ ਤਾਂ ਉਸ ਸਮੇਂ 'ਦੇਸ਼ ਦਾ ਚੌਕੀਦਾਰ' ਕਿਥੇ ਸੀ।ਗਾਂਧੀ ਨੇ ਮੋਦੀ ਦੁਆਰਾ ਰੈਲੀਆਂ ਵਿਚ ਖ਼ੁਦ ਨੂੰ ਦੇਸ਼ ਦਾ ਚੌਕੀਦਾਰ ਦੱਸਣ ਅਤੇ 'ਨਾ ਖਾਵਾਂਗਾ ਤੇ ਨਾ ਖਾਣ ਦੇਵਾਂਗਾ' ਦੇ ਵਾਅਦੇ ਦਾ ਵੀ ਮਜ਼ਾਕ ਉਡਾਇਆ। ਕਾਂਗਰਸ ਪ੍ਰਧਾਨ ਨੇ ਟਵੀਟ ਕੀਤਾ ਕਿ ਪੂਰਾ ਦੇਸ਼ ਉਨ੍ਹਾਂ ਦੀ ਚੁੱਪ ਦਾ ਰਹੱਸ ਜਾਣਨਾ ਚਾਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਨਾਲ ਜਗ-ਜ਼ਾਹਰ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਕਿਸ ਨਾਲ ਹਨ।