ਰਾਹੁਲ ਸਾਹਸ ਅਤੇ ਪ੍ਰਤੀਬੱਧਤਾ ਨਾਲ ਪਾਰਟੀ ਦੀ ਅਗਵਾਈ ਕਰਨਗੇ : ਸੋਨੀਆ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 16 ਦਸੰਬਰ : ਸੋਨੀਆ ਗਾਂਧੀ ਨੇ ਅੱਜ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਅਪਣੇ ਪੁੱਤਰ ਰਾਹੁਲ ਗਾਂਧੀ ਨੂੰ ਦਿੰਦਿਆਂ ਕਿਹਾ ਕਿ ਪਾਰਟੀ ਖ਼ੁਦ ਨੂੰ ਦਰੁਸਤ ਕਰੇਗੀ ਅਤੇ ਦੇਸ਼ ਵਿਚ ਫ਼ਿਰਕੂ ਤਾਕਤਾਂ ਨੂੰ ਭਾਂਜ ਦੇਣ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਰਹੇਗੀ।ਉਨ੍ਹਾਂ ਅੱਜ ਪਾਰਟੀ ਮੁੱਖ ਦਫ਼ਤਰ ਵਿਚ ਰਾਹੁਲ ਨੂੰ ਕਾਂਗਰਸ ਪ੍ਰਧਾਨ ਦਾ ਪ੍ਰਮਾਣ ਪੱਤਰ ਸੌਂਪੇ ਜਾਣ ਮੌਕੇ ਹੋਏ ਸਮਾਗਮ ਨੂੰ ਸੰਬੋਧਤ ਕਰਦਿਆਂ ਅਪਣੇ ਪਰਵਾਰ ਦੀ ਕੁਰਬਾਨੀ, ਅਪਣੇ ਸੰਘਰਸ਼ ਅਤੇ ਪਾਰਟੀ ਸਾਹਮਣੇ ਚੁਨੌਤੀਆਂ ਬਾਰੇ ਭਾਵਨਾਤਮਕ ਅੰਦਾਜ਼ ਵਿਚ ਗੱਲਾਂ ਕਹੀਆਂ। ਉਨ੍ਹਾਂ ਪਾਰਟੀ ਆਗੂਆਂ ਨੂੰ ਹਿੰਦੀ ਵਿਚ ਸੰਬੋਧਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਰਾਹੁਲ 'ਤੇ ਹੋਏ ਤਮਾਮ ਹਮਲਿਆਂ ਨੇ ਉਨ੍ਹਾਂ ਨੂੰ ਨਿਡਰ ਬਣਾ ਦਿਤਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨੌਜਵਾਨ ਆਗੂ ਪਾਰਟੀ ਵਿਚ ਨਵੇਂ ਸਾਹਸ ਦਾ ਸੰਚਾਰ ਕਰੇਗਾ। ਸੋਨੀਆ ਨੇ ਦੇਸ਼ ਦੇ ਰਾਜਨੀਤਕ 

ਹਾਲਾਤ ਦੀ ਚਰਚਾ ਕਰਦਿਆਂ ਕਿਹਾ, 'ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇਸ਼ ਦੇ ਬੁਨਿਆਦੀ ਅਸੂਲਾਂ 'ਤੇ ਰੋਜ਼ ਰੋਜ਼ ਹਮਲੇ ਹੋ ਰਹੇ ਹਨ। ਸਾਡੀ ਮਿਲੀ-ਮੁਲੀ ਸੰਸਕ੍ਰਿਤੀ 'ਤੇ ਵਾਰ ਹੋ ਰਿਹਾ ਹੈ। ਹਰ ਤਰ੍ਹਾਂ ਦੇ ਸ਼ੱਕ, ਭੈਅ ਦਾ ਮਾਹੌਲ ਬਣਾਇਆ ਜਾ ਰਿਹਾ ਹੈ।' ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਪਣੇ ਅੰਤਰਮਨ ਵਿਚ ਝਾਤ ਮਾਰ ਕੇ ਅੱਗੇ ਵਧਣਾ ਪਵੇਗਾ। ਸੋਨੀਆ ਨੇ ਕਿਹਾ, 'ਜੇ ਅਸੀਂ ਅਪਣੇ ਅਸੂਲਾਂ 'ਤੇ ਖ਼ੁਦ ਖਰੇ ਨਹੀਂ ਉਤਰਾਂਗੇ ਤਾਂ ਅਸੀਂ ਆਮ ਜਨਤਾ ਦੇ ਹਿਤਾਂ ਦੀ ਰਖਿਆ ਨਹੀਂ ਕਰ ਸਕਾਂਗੇ।' ਉਨ੍ਹਾਂ ਕਿਹਾ ਕਿ ਇਹ ਨੇਤਿਕ ਲੜਾਈ ਹੈ ਅਤੇ ਇਸ ਵਿਚ ਜਿੱਤ ਹਾਸਲ ਕਰਨ ਲਈ ਸਾਨੂੰ ਅਪਣੇ ਆਪ ਨੂੰ ਦਰੁਸਤ ਕਰਨਾ ਪਵੇਗਾ ਅਤੇ ਕਿਸੇ ਵੀ ਤਰ੍ਹਾਂ ਦੇ ਤਿਆਗ ਅਤੇ ਕੁਰਬਾਨੀ ਲਈ ਤਿਆਰ ਰਹਿਣਾ ਪਵੇਗਾ।        (ਏਜੰਸੀ)