ਰਾਜ ਸਭਾ 'ਚ ਅਮਿਤ ਸ਼ਾਹ ਦਾ ਪਹਿਲਾ ਭਾਸ਼ਨ

ਖ਼ਬਰਾਂ, ਰਾਸ਼ਟਰੀ

ਪਕੌੜੇ ਬਣਾਉਣਾ ਬੇਰੁਜ਼ਗਾਰੀ ਨਾਲੋਂ ਚੰਗਾ : ਸ਼ਾਹ

ਨਵੀਂ ਦਿੱਲੀ, 5 ਫ਼ਰਵਰੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਰਾਜ ਸਭਾ 'ਚ ਮੋਦੀ ਸਰਕਾਰ ਦੀਆਂ ਸਾਢੇ ਤਿੰਨ ਸਾਲ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦਿਆਂ 'ਪਕੌੜਾ ਮਾਮਲੇ' ਤੋਂ ਲੈ ਕੇ 'ਗੱਬਰ ਸਿੰਘ ਟੈਕਸ' ਤਕ, ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਦੇ ਉਨ੍ਹਾਂ ਸਾਰੇ ਹਮਲਿਆਂ ਦਾ ਸਿਲਸਿਲੇਵਾਰ ਜਵਾਬ ਦਿਤਾ ਜਿਨ੍ਹਾਂ ਦਾ ਜਨਤਕ ਤੌਰ 'ਤੇ ਲਗਾਤਾਰ ਮਖੌਲ ਉਡਾਇਆ ਜਾ ਰਿਹਾ ਹੈ।ਦੂਜੇ ਪਾਸੇ ਰੁਜ਼ਗਾਰ ਸਰਹੱਦਾਂ ਅਤੇ ਔਰਤਾਂ ਦੀ ਸੁਰੱਖਿਆ, ਸਮਾਜਕ ਸ਼ਾਂਤੀ, ਕੂਟਨੀਤੀ ਸਮੇਤ ਸਾਰੇ ਮੋਰਚਿਆਂ ਉਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਸਫ਼ਲ ਰਹਿਣ ਦਾ ਦੋਸ਼ ਲਾਉਂਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਉਸ ਨੂੰ ਨਵਾਂ ਭਾਰਤ ਨਹੀਂ ਚਾਹੀਦਾ ਅਤੇ ਉਹ ਚਾਹੁੰਦੀ ਹੈ ਕਿ ਪੁਰਾਣਾ ਭਾਰਤ ਹੀ ਵਾਪਸ ਕਰ ਦਿਤਾ ਜਾਵੇ ਜਿਥੇ ਸਮਾਜਕ ਅਤੇ ਫ਼ਿਰਕੂ ਮਿੱਤਰਤਾ ਹੋਵੇ।ਅਮਿਤ ਸ਼ਾਹ ਨੇ ਸੰਸਦ ਦੇ ਉਪਰਲੇ ਸਦਨ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧਨਵਾਦ ਮਤਾ ਪੇਸ਼ ਕਰਦਿਆਂ ਕਾਲਾ ਧਨ ਖ਼ਤਮ ਕਰਨ ਲਈ ਐਸ.ਆਈ.ਟੀ. ਦੇ ਗਠਨ ਬਾਬਤ ਸਰਕਾਰ ਦੇ ਪਹਿਲੇ ਫ਼ੈਸਲੇ ਤੋਂ ਲੈ ਕੇ ਸਰਜੀਕਲ ਸਟਰਾਈਕ, ਜੀ.ਐਸ.ਟੀ. ਅਤੇ ਨੋਟਬੰਦੀ ਵਰਗੇ ਹਿੰਮਤ ਵਾਲੇ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਉਜਵਲਾ ਯੋਜਨਾ, ਸਵੱਛ ਭਾਰਤ ਮੁਹਿੰਮ ਅਤੇ ਪੀ.ਐਮ. ਸਿਹਤ ਯੋਜਨਾ ਸਮੇਤ ਜਨਤਕ ਦੀਆਂ ਕਈ ਯੋਜਨਾਵਾਂ ਨੂੰ ਦੇਸ਼ 'ਚ ਕ੍ਰਾਂਤੀਕਾਰੀ ਤਬਦੀਲੀ ਦਸਿਆ। ਲਗਭਗ ਸਵਾ ਘੰਟੇ ਦੇ ਰਾਜ ਸਭਾ 'ਚ ਅਪਣੇ ਪਹਿਲੇ ਭਾਸ਼ਣ 'ਚ ਸ਼ਾਹ ਨੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਮਖੌਲ ਉਡਾਉਣ ਵਾਲੀ ਕਾਂਗਰਸ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਦੇ ਕੰਮ ਕਰਨ ਦਾ ਢੰਗ, ਯੋਜਨਾਵਾਂ ਦਾ ਨਤੀਜਾ ਅਤੇ ਸਮਾਜਕ ਬਦਲਾਅ ਦੇ ਦਾਅਵਿਆਂ ਮਕਬੂਲੀਅਤ ਦੀ ਪਰਖ ਜਨਤਾ ਦੀ ਅਦਾਲਤ 'ਚ ਹੁੰਦੀ ਹੈ।ਸ਼ਾਹ ਨੇ ਵਿਰੋਧੀ ਧਿਰ ਵਲੋਂ ਰੁਜ਼ਗਾਰ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਦੇ ਪਕੌੜੇ ਵੇਚਣ ਵਾਲੀ ਦਲੀਲ ਦਾ ਮਜ਼ਾਕ ਉਡਾਉਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ, ''ਪਕੌੜੇ ਬਣਾਉਣਾ ਸ਼ਰਮ ਦੀ ਗੱਲ ਨਹੀਂ ਹੈ ਬਲਕਿ ਉਨ੍ਹਾਂ ਦੀ ਤੁਲਨਾ ਭਿਖਾਰੀ ਨਾਲ ਕਰਨ ਸ਼ਰਮ ਦੀ ਗੱਲ ਹੈ।'' ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਪਕੌੜੇ ਵੇਚਣ ਵਾਲੇ ਨੂੰ ਬੇਰੁਜ਼ਗਾਰ ਨਹੀਂ ਕਿਹਾ ਜਾ ਸਕਦਾ। ਵਿਰੋਧੀ ਪਾਰਟੀਆਂ ਨੇ ਇਸ ਬਿਆਨ ਦਾ ਮਖੌਲ ਉਡਾਇਆ ਸੀ।