ਰਾਜਧਾਨੀ 'ਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 20 ਅਕਤੂਬਰ: ਸੁਪਰੀਮ ਕੋਰਟ ਦੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਪਟਾਕਿਆਂ ਦੀ ਵਿਕਰੀ ਉਤੇ ਪਾਬੰਦੀ ਦੇ ਬਾਵਜੂਦ ਵੱਡੇ ਪੱਧਰ 'ਤੇ ਪਟਾਕੇ ਚਲਾਏ ਜਾਣ ਕਰ ਕੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਪੱਧਰ ਦੇਰ ਰਾਤ ਤਕ ਖ਼ਤਰਨਾਕ ਪੱਧਰ 'ਤੇ ਪੁੱਜ ਗਿਆ ਸੀ ਜੋ ਸੁਰੱਖਿਅਤ ਹੱਦ ਤੋਂ ਪੰਜ ਗੁਣਾਂ ਜ਼ਿਆਦਾ ਸੀ। ਦੀਵਾਲੀ ਦੇ ਜਸ਼ਨ 'ਚ ਕਲ ਵੱਡੀ ਗਿਣਤੀ 'ਚ ਪਟਾਕੇ ਚਲਾਏ ਜਾਣ ਤੋਂ ਬਾਅਦ ਰਾਜਧਾਨੀ ਦਿੱਲੀ ਦੀ ਹਵਾ ਹੁਣ ਜ਼ਹਿਰੀਲੀ ਹੋ ਗਈ ਹੈ।
ਪ੍ਰਦੂਸ਼ਣ ਦਾ ਪੱਧਰ ਦੱਸਣ ਵਾਲੀ ਸਰਕਾਰੀ ਸਿਸਟਮ ਆਫ਼ ਏਅਰ ਕੁਆਲਿਟੀ ਫ਼ੋਰਕਾਸਟਿੰਗ ਐਂਡ ਰੀਸਰਚ (ਸਫ਼ਰ) ਦਾ ਚਿੰਨ੍ਹ ਗੂੜ੍ਹਾ ਭੂਰਾ ਹੋ ਗਿਆ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸ਼ਹਿਰ 'ਚ ਹਵਾ ਦਾ ਮਿਆਰ ਗੰਭੀਰ ਹੋ ਗਿਆ ਹੈ। ਇਹ ਲੋਕਾਂ ਦੀ ਸਿਹਤ ਉਤੇ ਅਸਰ ਕਰ ਸਕਦਾ ਹੈ। ਖ਼ਾਸ ਤੌਰ 'ਤੇ ਸਾਹ ਅਤੇ ਦਿਲ ਨਾਲ ਸੰਬਧਤ ਬਿਮਾਰੀਆਂ ਵਾਲਿਆਂ ਨੂੰ ਇਹ ਜ਼ਿਆਦਾ ਪ੍ਰਭਾਵਤ ਕਰਦਾ ਹੈ।