ਰਾਜਨਾਥ ਦੇ ਘਰ ਅੱਗੇ ਪ੍ਰਦਰਸ਼ਨ ਕਰ ਰਹੇ 'ਆਪ' ਦੇ ਕਈ ਨੇਤਾ ਗ੍ਰਿਫ਼ਤਾਰ

ਖ਼ਬਰਾਂ, ਰਾਸ਼ਟਰੀ

ਕਾਲੀ ਪੱਟੀ ਬੰਨ੍ਹ ਕੇ ਕੀਤਾ ਵਿਰੋਧ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਸਕੱਤਰ ਅੰਸ਼ੁ ਪ੍ਰਕਾਸ਼ ਨਾਲ ਕੁੱਟਮਾਰ ਅਤੇ ਬਦਸਲੂਕੀ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾਹੈ। ਵੀਰਵਾਰ ਨੂੰ ਸਵੇਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਆਪ ਨੇਤਾ ਅਲਕਾਂ ਲਾਂਬਾ ਸਮੇਤ ਕਈ ਹੋਰ ਨੇਤਾਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਪ੍ਰਕਾਸ ਜਾਰਵਾਲ ਅਤੇ ਅਮਾਨਤੁੱਲਾ ਖਾਨ ਜੇਲ੍ਹ ਵਿਚ ਹਨ, ਉਨ੍ਹਾਂ ਨੂੰ ਬੁੱਧਵਾਰ ਦੀ ਰਾਤ ਤਿਹਾੜ ਜੇਲ੍ਹ ਵਿਚ ਬਿਤਾਉਣੀ ਪਈ। 

ਮੁੱਖ ਸਕੱਤਰ ਅੰਸ਼ੁ ਪ੍ਰਕਾਸ਼ ਦੇ ਨਾਲ ਕੁੱਟਮਾਰ ਦੇ ਬਾਅਦ ਦਿੱਲੀ ਸਰਕਾਰ ਦੇ ਕਰਮਚਾਰੀਆਂ ਨੇ ਕਾਲੀ ਪੱਟੀ ਬੰਨ੍ਹ ਕੇ ਵਿਰੋਧ ਜਤਾਇਆ। ਉਥੇ ਹੀ, ਪੁਲਿਸ ਦੇ ਮੁਤਾਬਕ ਮੁੱਖ ਸਕੱਤਰ ਅੰਸ਼ੁ ਪ੍ਰਕਾਸ਼ ਦੀ ਮੈਡੀਕਲ ਰਿਪੋਰਟ ਵਿਚ ਉਨ੍ਹਾਂ ਦੇ ਚਿਹਰੇ ਉਤੇ ਕੱਟ ਦਾ ਨਿਸ਼ਾਨ ਅਤੇ ਮੋਢੇ 'ਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ। ਇਸ ਮਾਮਲੇ ਵਿਚ ਦੋਸ਼ੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਨੇ ਜਾਮਿਆ ਨਗਰ ਥਾਣੇ ਵਿਚ ਸਰੈਂਡਰ ਕੀਤਾ ਸੀ। ਉਥੇ ਹੀ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਮਾਨਤੁੱਲਾ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਕੀ ਹੈ ਪੂਰਾ ਮਾਮਲਾ

ਮੁੱਖ ਸਕੱਤਰ ਅੰਸ਼ੁ ਪ੍ਰਕਾਸ਼ ਨੇ ਇਲਜ਼ਾਮ ਲਗਾਇਆ ਹੈ ਕਿ ਸੋਮਵਾਰ ਦੇਰ ਰਾਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉਤੇ ਉਨ੍ਹਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਵਿਧਾਇਕਾਂ ਨੇ ਸਰਕਾਰੀ ਇਸ਼ਤਿਹਾਰ ਰਿਲੀਜ਼ ਕਰਨ ਦਾ ਦਬਾਅ ਬਣਾਇਆ ਅਤੇ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੇ ਬਾਅਦ ਮੁੱਖ ਸਕੱਤਰ ਨੇ ਮੰਗਲਵਾਰ ਨੂੰ ਦਿੱਲੀ ਪੁਲਿਸ ਵਿਚ ਸ਼ਿਕਾਇਤ ਦਿੱਤੀ, ਜਿਸਦੇ ਬਾਅਦ ਓਖਲਾ ਤੋਂ ਆਪ ਦੇ ਵਿਧਾਇਕ ਅਮਾਨਤੁੱਲ੍ਹਾ ਸਮੇਤ ਹੋਰ ਵਿਧਾਇਕਾਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।