ਰਾਮਚੰਦਰ ਛੱਤਰਪਤੀ : ਉਹ ਅਦਨਾ ਜਿਹਾ ਪੱਤਰਕਾਰ ਜਿਸ ਨੇ ਸੌਦਾ ਸਾਧ ਦੀਆਂ ਚੂਲਾਂ ਹਿਲਾ ਦਿਤੀਆਂ ਸਨ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 28 ਅਗੱਸਤ : ਪੱਤਰਕਾਰ ਰਾਮਚੰਦਰ ਛੱਤਰਪਤੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਕਿਵੇਂ ਉਸ ਨੇ ਸੌਦਾ ਸਾਧ ਦੀਆਂ ਚੂਲਾ ਹਿਲਾ ਦਿਤੀਆਂ ਸਨ। ਰਾਮਚੰਦਰ ਹੀ ਸੀ ਜਿਸ ਨੇ ਸੱਭ ਤੋਂ ਪਹਿਲਾਂ ਸੌਦਾ ਸਾਧ ਵਿਰੁਧ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਿਖੀ ਪੀੜਤ ਸਾਧਵੀ ਦੀ ਚਿੱਠੀ ਛਾਪੀ ਸੀ। ਸਾਲ 2002 ਵਿਚ ਬਲਾਤਕਾਰ ਕੇਸ ਦੀ ਜਾਣਕਾਰੀ ਪੱਤਰਕਾਰ ਰਾਮਚੰਦਰ ਨੇ ਪਹਿਲੀ ਵਾਰ ਦਿਤੀ ਸੀ। ਸਿਰਸਾ ਡੇਰੇ ਤੋਂ 15 ਕਿਲੋਮੀਟਰ ਦੂਰ ਪੈਂਦੇ ਪਿੰਡ ਦੜਬੀ ਦੇ ਵਾਸੀ ਰਾਮਚੰਦਰ ਛੱਤਰਪਤੀ ਸਿਰਸਾ ਜ਼ਿਲ੍ਹੇ ਤੋਂ ਸਥਾਨਕ ਰੋਜ਼ਾਨਾ ਅਖ਼ਬਾਰ 'ਪੂਰਾ ਸੱਚ' ਛਾਪਦੇ ਹੁੰਦੇ ਸੀ। ਬਾਅਦ ਵਿਚ ਡੇਰੇ ਦੇ ਇਸ਼ਾਰੇ 'ਤੇ ਛੱਤਰਪਤੀ ਦੀ ਹਤਿਆ ਕਰ ਦਿਤੀ ਗਈ ਸੀ ਜਿਸ ਦਾ ਕੇਸ ਹਾਈ ਕੋਰਟ ਵਿਚ ਚੱਲ ਰਿਹਾ ਹੈ।
ਛੱਤਰਪਤੀ ਨਾਲ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ਯੁਸੂਫ਼ ਕਿਰਮਾਨੀ ਨੇ ਦਸਿਆ ਕਿ ਛੱਤਰਪਤੀ ਦਿੱਲੀ ਅਤੇ ਚੰਡੀਗੜ੍ਹ ਤੋਂ ਛਪਦੇ ਕਈ ਅਖ਼ਬਾਰਾਂ ਲਈ ਫ਼ਰੀਲਾਂਸਿੰਗ ਦਾ ਕੰਮ ਕਰਦਾ ਸੀ। ਜਦ ਇਹ ਚਿੱਠੀ ਉਸ ਦੇ ਹੱਥ ਲੱਗੀ ਤਾਂ ਉਸ ਨੇ ਇਹ ਚਿੱਠੀ ਸਾਰੇ ਅਖ਼ਬਾਰਾਂ ਨੂੰ ਛਾਪਣ ਲਈ ਭੇਜੀ ਪਰ ਕਿਸੇ ਵੀ ਅਖ਼ਬਾਰ ਨੇ ਇਹ ਚਿੱਠੀ ਨਾ ਛਾਪੀ।
ਅਖ਼ੀਰ ਉਸ ਨੇ ਇਸ ਚਿੱਠੀ ਨੂੰ ਅਪਣੇ ਹੀ ਅਖ਼ਬਾਰ ਵਿਚ ਛਾਪਣ ਦਾ ਫ਼ੈਸਲਾ ਕੀਤਾ। ਕਿਰਮਾਨੀ ਨੇ ਦਸਿਆ ਕਿ ਛੱਤਰਪਤੀ ਨੇ ਨਾ ਸਿਰਫ਼ ਚਿੱਠੀ ਛਾਪੀ ਸਗੋਂ ਕਾਰਵਾਈ ਯਕੀਨੀ ਕਰਨ ਲਈ ਪੀੜਤ ਸਾਧਵੀ ਨੂੰ ਇਹ ਚਿੱਠੀ ਪ੍ਰਧਾਨ ਮੰਤਰੀ, ਸੀਬੀਆਈ ਅਤੇ ਅਦਾਲਤਾਂ ਨੂੰ ਭੇਜਣ ਨੂੰ ਕਿਹਾ। ਚਿੱਠੀ 30 ਮਈ 2002 ਦੇ ਅੰਕ ਵਿਚ ਛਾਪੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ।
ਉਸੇ ਸਾਲ 24 ਸਤੰਬਰ 2002 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ  ਦਾ ਆਪ ਹੀ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿਤੇ। ਕਿਰਮਾਨੀ ਯਾਦ ਕਰਦੇ ਹਨ ਕਿ 24 ਅਕਤੂਬਰ ਦਾ ਦਿਨ ਸੀ। ਛੱਤਰਪਤੀ ਸ਼ਾਮ ਨੂੰ ਦਫ਼ਤਰ ਤੋਂ ਘਰ ਮੁੜਿਆ ਸੀ। ਉਸ ਸਮੇਂ ਉਨ੍ਹਾਂ ਦੀ ਗਲੀ ਵਿਚ ਕੁੱਝ ਕੰਮ ਚੱਲ ਰਿਹਾ ਸੀ ਅਤੇ ਉਹ ਉਸ ਨੂੰ ਵੇਖਣ ਲਈ ਘਰ ਤੋਂ ਬਾਹਰ ਨਿਕਲਿਆ ਸੀ। ਉਸੇ ਸਮੇਂ ਦੋ ਬੰਦਿਆਂ ਨੇ ਉਸ ਨੂੰ ਆਵਾਜ਼ ਮਾਰ ਕੇ ਬੁਲਾਇਆ ਅਤੇ ਗੋਲੀ ਮਾਰ ਦਿਤੀ। 21 ਨਵੰਬਰ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਫਿਰ ਉਸ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਅਦਾਲਤ ਵਿਚ ਪਟੀਸ਼ਨ ਪਾ ਕੇ ਅਪਣੇ ਪਿਤਾ ਦੀ ਮੌਤ ਦੀ ਸੀਬੀਆਈ ਜਾਂਚ ਮੰਗੀ। ਨਵੰਬਰ 2003 ਵਿਚ ਸੀਬੀਆਈ ਜਾਂਚ ਦੇ ਹੁਕਮ ਹੋ ਗਏ।
ਪਿੰਡ ਵਿਚ ਖੇਤੀ ਕਰਨ ਵਾਲਾ ਅੰਸ਼ੁਲ ਅਪਣੀ ਮਾਂ ਕੁਲਵੰਤ ਕੌਰ, ਛੋਟੇ ਭਰਾ ਅਰਿਦਮਨ ਅਤੇ ਭੈਣਾਂ ਕ੍ਰਾਂਤੀ ਸ਼੍ਰੇਸੀ ਨਾਲ ਅਪਣੇ ਪਿਤਾ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਲੜ ਰਿਹਾ ਹੈ। 'ਪੂਰਾ ਸੱਚ' ਅੱਜ ਵੀ ਛਪ ਰਿਹਾ ਹੈ ਪਰ ਲਗਾਤਾਰ ਨਹੀਂ।  (ਏਜੰਸੀ)