ਰਾਮਪਾਲ ਸਾਧ ਦੋ ਕੇਸਾਂ ਵਿਚ ਬਰੀ ਪਰ ਜੇਲ ਵਿਚ ਰਹਿਣਾ ਪਵੇਗਾ

ਖ਼ਬਰਾਂ, ਰਾਸ਼ਟਰੀ


ਹਿਸਾਰ, 29 ਅਗੱਸਤ : ਸਤਲੋਕ ਆਸ਼ਰਮ ਦੇ ਮੁਖੀ ਅਤੇ ਕਥਿਤ ਸੰਤ ਰਾਮਪਾਲ ਨੂੰ ਹਿਸਾਰ ਅਦਾਲਤ ਨੇ ਦੋ ਮਾਮਲਿਆਂ ਵਿਚ ਬਰੀ ਕਰ ਦਿਤਾ ਹੈ।
ਉਸ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਇਹ ਸਚਾਈ ਦੀ ਜਿੱਤ ਹੈ। ਦੋ ਕੇਸਾਂ ਵਿਚ ਬਰੀ ਹੋਣ ਤੋਂ ਬਾਅਦ ਵੀ ਰਾਮਪਾਲ ਜੇਲ ਤੋਂ ਬਾਹਰ ਨਹੀਂ ਆ ਸਕੇਗਾ ਕਿਉਂਕਿ ਉਸ ਵਿਰੁਧ ਹਤਿਆ ਅਤੇ ਦੇਸ਼ਧ੍ਰੋਹ ਦੇ ਕੇਸ ਵੀ ਚੱਲ ਰਹੇ ਹਨ। ਬਰਵਾਲਾ ਦੇ ਸਤਲੋਕ ਆਸ਼ਰਮ ਨਾਲ ਜੁੜੇ ਇਨ੍ਹਾਂ ਮਾਮਲਿਆਂ ਵਿਚ ਸਰਕਾਰੀ ਡਿਊਟੀ



'ਚ ਵਿਘਨ ਪਾਉਣ ਅਤੇ ਰਾਹ ਰੋਕ ਕੇ ਬੰਧਕ ਬਣਾਉਣ ਦੇ ਦੋਸ਼ ਸਨ। ਇਹ ਦੋਵੇਂ ਮਾਮਲੇ ਧਾਰਾ 426 ਅਤੇ 427 ਤਹਿਤ ਦਰਜ ਕੀਤੇ ਗਏ ਸਨ।
ਅਦਾਲਤ ਨੇ ਰਾਮਪਾਲ ਨੂੰ ਇਨ੍ਹਾਂ ਦੋਹਾਂ ਦੋਸ਼ਾਂ ਵਿਚ ਬਰੀ ਕਰ ਦਿਤਾ ਹੈ ਪਰ ਉਸ ਵਿਰੁਧ ਦੇਸ਼ਧ੍ਰੋਹ ਜਿਹਾ ਵੱਡਾ ਅਤੇ ਸੰਗੀਨ ਕੇਸ ਚੱਲ ਰਿਹਾ ਹੈ ਜਿਸ ਕਰ ਕੇ ਉਹ ਜੇਲ ਵਿਚ ਹੀ ਰਹੇਗਾ। ਇਸ ਮੁਕੱਦਮੇ ਵਿਚ 28 ਅਗੱਸਤ ਨੂੰ ਜੇਲ ਵਿਚ ਲੱਗੀ ਅਦਾਲਤ ਵਿਚ ਉਹ ਪੇਸ਼ ਹੋਇਆ ਸੀ। ਰਾਮਪਾਲ ਹਰਿਆਣਾ ਸਰਕਾਰ ਦੇ ਸਿੰਜਾਈ ਵਿਭਾਗ ਵਿਚ ਜੂਨੀਅਰ ਇੰਜਨੀਅਰ ਸੀ। ਉਸ ਨੇ ਨੌਕਰੀ ਛੱਡ ਕੇ ਰੋਹਤਕ ਦੇ ਕਰੌਂਥਾ ਪਿੰਡ ਵਿਚ ਸਤਲੋਕ ਆਸ਼ਰਮ ਬਣਾ ਲਿਆ। ਇਥੇ ਰੌਲਾ ਪਿਆ ਤਾਂ ਉਸ ਨੇ ਬਰਵਾਲਾ ਵਿਚ ਆਸ਼ਰਮ ਬਣਾ ਲਿਆ। ਅਦਾਲਤ ਵਿਚ ਚੱਲ ਰਹੇ ਕਰੌਂਥਾ ਮਾਮਲੇ ਵਿਚ ਰਾਮਪਾਲ ਪੇਸ਼ ਨਹੀਂ ਹੋ ਰਿਹਾ ਸੀ ਜਿਸ ਕਾਰਨ ਉਸ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਨਿਕਲੇ ਸਨ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ ਉਸ ਦੇ ਆਸ਼ਰਮ ਨੂੰ ਘੇਰਾ ਪਾ ਲਿਆ ਤੇ ਬਾਅਦ ਵਿਚ ਵਾਪਰੀ ਹਿੰਸਕ ਘਟਨਾ ਵਿਚ 6 ਜਣੇ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। (ਏਜੰਸੀ)