ਰਸੋਈ ਗੈਸ ਦੀ ਕੀਮਤ ਫਿਰ ਵਧੀ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 1 ਅਕਤੂਬਰ : ਸਰਕਾਰ ਦੀ ਅਗਲੇ ਸਾਲ ਤਕ ਰਸੋਈ ਗੈਸ 'ਤੇ ਸਬਸਿਡੀ ਖ਼ਤਮ ਕਰਨ ਦੀ ਯੋਜਨਾ ਤਹਿਤ ਇਕ ਵਾਰ ਫਿਰ ਰਸੋਈ ਗੈਸ ਦੀਆਂ ਕੀਮਤਾਂ ਵਧਾ ਦਿਤੀਆਂ ਗਈਆਂ ਹਨ। ਇਸ ਦੇ ਨਾਲ ਹੀ ਹੁਣ ਜਹਾਜ਼ ਵਿਚ ਸਫ਼ਰ ਕਰਨਾ ਵੀ ਮਹਿੰਗਾ ਹੋ ਸਕਦਾ ਹੈ। ਇਕ ਅਗੱਸਤ ਨੂੰ ਸਲੰਡਰ ਦੀ ਕੀਮਤ 2.31 ਰੁਪਏ ਵਧਾਈ ਗਈ ਸੀ। ਅੱਜ ਸਲੰਡਰ ਦੀ ਕੀਮਤ 1.50 ਰੁਪਏ ਵਧਾ ਦਿਤੀ ਗਈ। ਨਾਲ ਹੀ ਜਹਾਜ਼ ਬਾਲਣ ਏਟੀਐਫ਼ ਦੀਆਂ ਕੀਮਤਾਂ ਛੇ ਫ਼ੀ ਸਦੀ ਵਧਾ ਦਿਤੀਆਂ ਗਈਆਂ ਹਨ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਕੀਮਤਾਂ ਵਿਚ ਮਜ਼ਬੂਤੀ ਕਾਰਨ ਇਥੇ ਵੀ ਏਟੀਐਫ਼ ਦੀਆਂ ਕੀਮਤਾਂ ਵਧਾ ਦਿਤੀਆਂ ਗਈਆਂ ਹਨ। ਦਿੱਲੀ ਵਿਚ 14.2 ਕਿਲੋ ਦੇ ਸਬਸਿਡੀ ਵਾਲੇ ਸਲੰਡਰ ਦੀ ਕੀਮਤ ਹੁਣ 488.68 ਰੁਪਏ ਹੋਵੇਗੀ। ਇਸ ਤੋਂ ਪਹਿਲਾਂ ਇਕ ਸਤੰਬਰ ਨੂੰ ਐਲਪੀਜੀ ਦੀ ਕੀਮਤ 7 ਰੁਪਏ ਪ੍ਰਤੀ ਸਲੰਡਰ ਵਧਾਈ ਗਈ ਸੀ। ਪਟਰੌਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ 31 ਜੁਲਾਈ ਨੂੰ ਲੋਕ ਸਭਾ ਨੂੰ ਦਸਿਆ ਸੀ ਕਿ ਸਰਕਾਰ ਨੇ ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਨੂੰ ਸਬਸਿਡੀ ਵਾਲੇ ਸਲੰਡਰਾਂ ਦੀ ਕੀਮਤ ਹਰ ਮਹੀਨੇ 4 ਰੁਪਏ ਵਧਾਉਣ ਲਈ ਕਿਹਾ ਹੈ ਤਾਕਿ ਅਗਲੇ ਸਾਲ ਮਾਰਚ ਤਕ ਸਾਰੀ ਸਬਸਿਡੀ ਖ਼ਤਮ ਕੀਤੀ ਜਾ ਸਕੇ। ਪਿਛਲੇ ਸਾਲ ਜੁਲਾਈ ਤੋਂ ਮਹੀਨਾਵਾਰ ਵਾਧੇ ਦੀ ਯੋਜਨਾ ਲਾਗੂ ਹੋਣ ਮਗਰੋਂ ਸਬਸਿਡੀ ਵਾਲੇ ਐਲਪੀਜੀ ਸਲੰਡਰ ਦੀ ਕੀਮਤ 69.50 ਰੁਪਏ ਵੱਧ ਚੁਕੀ ਹੈ। ਜੂਨ, 2016 ਵਿਚ ਸਲੰਡਰ ਦੀ ਕੀਮਤ 419.18 ਰੁਪਏ ਸੀ। (ਏਜੰਸੀ)