ਨਵੀਂ ਦਿੱਲੀ, 1 ਸਤੰਬਰ: ਸਬਸਿਡੀ ਵਾਲੇ
ਰਸੋਈ ਗੈਸ ਸਿਲੰਡਰ (ਐਲ.ਪੀ.ਜੀ.) ਦੀ ਕੀਮਤ 'ਚ ਸੱਤ ਰੁਪਏ ਪ੍ਰਤੀ ਸਿਲੰਡਰ ਤੋਂ ਜ਼ਿਆਦਾ
ਦਾ ਵਾਧਾ ਕੀਤਾ ਗਿਆ ਹੈ। ਇਹ ਸਰਕਾਰ ਵਲੋਂ ਹਰ ਮਹੀਨੇ ਸਿਲੰਡਰ ਦੀ ਕੀਮਤ 'ਚ ਵਾਧਾ ਕਰਨ
ਦੇ ਫ਼ੈਸਲੇ ਅਨੁਸਾਰ ਹੈ। ਸਰਕਾਰ ਦੇ ਇਸ ਕਦਮ ਨਾਲ ਇਸ ਵਿੱਤੀ ਵਰ੍ਹੇ ਦੇ ਅਖ਼ੀਰ ਤਕ ਹਰ
ਤਰ੍ਹਾਂ ਦੀ ਸਬਸਿਡੀ ਨੂੰ ਖ਼ਤਮ ਕੀਤਾ ਜਾ ਸਕੇਗਾ। ਦੂਜੇ ਪਾਸੇ ਜਹਾਜ਼ ਦੇ ਬਾਲਣ
(ਏ.ਟੀ.ਐਫ਼.) ਦੀਆਂ ਕੀਮਤਾਂ 'ਚ ਵੀ ਚਾਰ ਫ਼ੀ ਸਦੀ ਵਾਧਾ ਕੀਤਾ ਗਿਆ ਹੈ।
ਦੇਸ਼ ਦੀ ਸੱਭ
ਤੋਂ ਵੱਡੀ ਪਟਰੌਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਸਬਸਿਡੀ ਵਾਲੇ 14.2
ਕਿਲੋਗ੍ਰਾਮ ਦੇ ਐਲ.ਪੀ.ਜੀ. ਸਿਲੰਡਰ ਦੀ ਨਵੀਂ ਕੀਮਤ ਦਿੱਲੀ 'ਚ 487.18 ਰੁਪਏ ਹੋ ਗਈ ਹੈ
ਜੋ ਪਹਿਲਾਂ 479.77 ਰੁਪਏ ਸੀ। ਪਿਛਲੇ ਸਾਲ ਜੁਲਾਈ 'ਚ ਇਸ ਨੀਤੀ ਨੂੰ ਲਾਗੂ ਕੀਤੇ ਜਾਣ
ਤੋਂ ਹੁਣ ਤਕ ਐਲ.ਪੀ.ਜੀ. ਸਿਲੰਡਰ ਦੀ ਕੀਮਤ 'ਚ 68 ਰੁਪਏ ਦਾ ਵਾਧਾ ਹੋਇਆ ਹੈ। ਜੂਨ 2016
'ਚ ਇਸ ਦੀ ਕੀਮਤ 419.18 ਰੁਪਏ ਸੀ। ਇਸ ਦੇ ਨਾਲ ਹੀ ਰਾਸ਼ਨ ਦੀ ਦੁਕਾਨ ਉਤੇ ਮਿਲਣ ਵਾਲੇ
ਮਿੱਟੀ ਦੇ ਤੇਲ (ਕੈਰੋਸਿਨ) ਦੀ ਕੀਮਤ 'ਚ ਵੀ ਲਗਭਗ 25 ਪੈਸੇ ਪ੍ਰਤੀ ਲੀਟਰ ਦਾ ਵਾਧਾ
ਕੀਤਾ ਗਿਆ ਹੈ।
ਸਰਕਾਰ ਐਲ.ਪੀ.ਜੀ. ਵਾਂਗ ਹੀ ਕੈਰੋਸਿਨ ਉਤੇ ਵੀ ਸਬਸਿਡੀ ਖ਼ਤਮ ਕਰਨ
ਦੀ ਨੀਤੀ ਉਤੇ ਚਲ ਰਹੀ ਹੈ ਅਤੇ ਇਸ ਦੀਆਂ ਕੀਮਤਾਂ 'ਚ ਹਰ ਪੰਦਰਵਾੜੇ 25 ਪੈਸੇ ਦਾ ਵਾਧਾ
ਕੀਤਾ ਜਾਂਦਾ ਹੈ। ਦਿੱਲੀ ਕੈਰੋਸਿਨ ਮੁਕਤ ਰਾਜ ਹੈ। ਜਦਕਿ ਮੁੰਬਈ 'ਚ ਇਸ ਦੀ ਕੀਮਤ 22.27
ਰੁਪਏ ਪ੍ਰਤੀ ਲੀਟਰ ਹੈ। (ਪੀਟੀਆਈ)