ਰਾਵਣ ਦੇ ਪੁਤਲਿਆਂ 'ਤੇ ਪਈ ਜੀ.ਐਸ.ਟੀ. ਦੀ ਮਾਰ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 25 ਸਤੰਬਰ: ਰਾਵਣ ਦੇ ਪੁਤਲਿਆਂ ਦਾ ਬਾਜ਼ਾਰ ਵੀ ਇਸ ਵਾਰ ਜੀਐਸਟੀ ਦੀ ਮਾਰ ਤੋਂ ਬਚ ਨਹੀਂ ਸਕਿਆ। ਪੁਤਲਾ ਬਣਾਉਣ ਦੇ ਕੰਮ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਚੁਕੀਆਂ ਹਨ ਜਿਸ ਨਾਲ ਪਿਛਲੇ ਸਾਲ ਦੀ ਤੁਲਨਾ ਵਿਚ ਲਾਗਤ ਵਿਚ ਕਾਫ਼ੀ ਵਾਧਾ ਹੋਇਆ ਹੈ। ਕਾਰੀਗਰਾਂ ਦਾ ਕਹਿਣਾ ਹੈ ਕਿ ਲਾਗਤ ਵਧਣ ਕਾਰਨ ਇਸ ਵਾਰ ਛੋਟੇ ਪੁਤਲਿਆਂ ਦੇ ਆਰਡਰ ਆ ਰਹੇ ਹਨ ਜਦਕਿ ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਦੀ ਮੰਗ ਤਾਂ ਨਾ ਦੇ ਹੀ ਬਰਾਬਰ ਰਹਿ ਗਈ ਹੈ। 

ਪਛਮੀ ਦਿੱਲੀ ਦਾ ਤਾਰਾਪੁਰ ਪਿੰਡ ਦਿੱਲੀ ਵਿਚ ਰਾਵਣ ਦੇ ਪੁਤਲਿਆਂ ਦਾ ਮੁੱਖ ਬਾਜ਼ਾਰ ਹੈ। ਇਥੇਂ 1973 ਵਿਚ ਸਿਕੰਦਰਾਬਾਦ ਤੋਂ ਆਏ ਛੁੱਟਣ ਲਾਲ ਨੇ ਪੁਤਲੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਉਸ ਸਮੇਂ ਤੋਂ ਹੀ ਇਹ ਪਰੰਪਰਾ ਚਲਦੀ ਆ ਰਹੀ ਹੈ। ਬਾਅਦ ਵਿਚ ਉਨ੍ਹਾਂ ਦਾ ਨਾਂਅ ਰਾਵਣ ਵਾਲਾ ਬਾਬਾ ਪੈ ਗਿਆ। ਅੱਜ ਉਨ੍ਹਾਂ ਦੇ ਕਈ ਚੇਲੇ ਇਸ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਬਾਬੇ ਦੇ ਚੇਲੇ ਰਹੇ ਸੰਜੇ ਨੇ ਦਸਿਆ ਕਿ ਉਂਜ ਤਾਂ ਹਰ ਸਾਲ ਪੁਤਲੇ ਮਹਿੰਗੇ ਹੋ ਜਾਂਦੇ ਹਨ ਪਰ ਇਸ ਸਾਲ ਜੀਐਸਟੀ ਤੋਂ ਸਾਰਾ ਮਾਲ ਕਾਫ਼ੀ ਮਹਿੰਗਾ ਹੋ ਗਿਆ ਹੈ। ਬਾਂਸ ਦੀ ਇਕ ਕੌੜੀ (20 ਬਾਂਸ) ਦੀ ਕੀਮਤ ਇਸ ਸਾਲ ਇਕ ਹਜ਼ਾਰ ਤੋਂ 1200 ਰੁਪਏ ਹੋ ਗਈ ਹੈ। ਪਿਛਲੇ ਸਾਲ ਇਸ ਦੀ ਕੀਮਤ 700-800 ਰੁਪਏ ਕੌੜੀ ਸੀ। ਇਸੇ ਤਰ੍ਹਾਂ ਪੁਤਲਿਆਂ ਨੂੰ ਬੰਨਣ ਲਈ ਵਰਤੀਜਾਣ ਵਾਲੀ ਤਾਰ ਕੀਮਤ ਵੀ 40-50 ਰੁਪਏ ਕਿਲੋ ਹੋ ਗਈ ਹੈ। ਕਾਗ਼ਜ਼ ਵੀ 25 ਰੁਪਏ ਕਿਲੋ ਪੁੱਜ ਗਿਆ ਹੈ।

ਤਾਰਾਪੁਰ ਦੇ ਪੁਤਲੇ ਦਿੱਲੀ ਤੋਂ ਇਲਾਵਾ ਉਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼ ਅਤੇ ਗੁਜਰਾਤ ਤਕ ਵੀ ਜਾਂਦੇ ਹਨ। ਇਸ ਤੋਂ ਇਲਾਵਾ ਕਈ ਵਾਰ ਵਿਦੇਸ਼ਾਂ ਤੋਂ ਵੀ ਆਰਡਰ ਮਿਲ ਜਾਂਦਾ ਹੈ। ਕੁੱਝ ਸਾਲ ਪਹਿਲਾਂ ਇਥੇ ਬਣਿਆ ਰਾਵਣ ਦਾ ਪੁਤਲਾ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਖੇ ਭੇਜਿਆ ਗਿਆ ਸੀ। ਸੰਜੇ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਅਗੱਸਤ ਮਹੀਨੇ ਵਿਚ ਦੋ ਪੁਤਲੇ ਅਮਰੀਕਾ ਭੇਜੇ ਹਨ। ਤਾਰਾਪੁਰ ਵਿਚ ਪੁਤਲੇ ਬਣਾਉਣ ਦਾ ਕੰਮ ਦੁਸਹਿਰੇ ਤੋਂ 50 ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ।

ਤਾਰਾਪੁਰ ਵਿਚ 40 ਫੁਟ ਦੇ ਰਾਵਣ ਦੀ ਕੀਮਤ 12000 ਤੋਂ 15000 ਰੁਪਏ ਹੈ ਜਦਕਿ ਪਿਛਲੇ ਸਾਲ ਇਹ ਕੀਮਤ 10000 ਤੋਂ 11000 ਰੁਪਏ ਸੀ। ਸੰਜੇ ਨੇ ਦਸਿਆ ਕਿ ਪੁਤਲਿਆਂ ਦੇ ਕਾਰੋਬਾਰ ਵਿਚ ਵੀ ਹੁਣ ਕਾਫ਼ੀ ਜ਼ਿਆਦਾ ਮੁਕਾਬਲੇਬਾਜ਼ੀ ਹੋ ਗਈ ਹੈ। ਕਈ ਫ਼ਾਇਨਾਂਸਰ ਇਸ ਮੌਕੇ 'ਤੇ ਕਾਰੀਗਰਾਂ ਨੂੰ ਜ਼ਿਆਦਾ ਵਿਆਜ 'ਤੇ ਕਰਜ਼ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਪੁਤਲੇ ਵਿਕਣ ਤੋਂ ਬਾਅਦ ਉਨ੍ਹਾਂ ਦਾ ਪੈਸਾ ਵਿਆਜ ਸਮੇਤ ਵਾਪਸ ਆ ਜਾਵੇਗਾ।

ਕਾਰੀਗਰਾਂ ਅਨੁਸਾਰ ਇਸ ਵਾਰ ਤਾਰਾਪੁਰ ਵਿਚ ਲਗਭਗ ਇਕ ਹਜ਼ਾਰ ਪੁਤਲੇ ਬਣ ਰਹੇ ਹਨ ਹਾਲਾਂਕਿ ਕੁੱਝ ਸਾਲ ਪਹਿਲਾਂ ਇਥੇ ਦੋ ਹਜ਼ਾਰ ਤੋਂ ਜ਼ਿਆਦਾ ਪੁਤਲੇ ਬਣਦੇ ਸਨ।              (ਪੀ.ਟੀ.ਆਈ.)