ਰੇਲਵੇ 'ਚ ਲਾਲ ਫੀਤਾਸ਼ਾਹੀ ਖ਼ਤਮ ਕਰਾਂਗੇ : ਰੇਲ ਮੰਤਰੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 30 ਸਤੰਬਰ : ਮੁੰਬਈ ਹਾਦਸੇ ਤੋਂ ਇਕ ਦਿਨ ਬਾਅਦ ਰੇਲ ਮੰਤਰੀ ਪੀਊਸ਼ ਗੋਇਲ ਨੇ ਚਰਚ ਗੇਟ ਵਿਚ ਰੇਲਵੇ ਅਧਿਕਾਰੀਆਂ ਨਾਲ ਉੱਚ ਪਧਰੀ ਬੈਠਕ ਕੀਤੀ। ਮੰਤਰੀ ਨੇ ਕਿਹਾ ਕਿ ਅਗਲੇ 15 ਮਹੀਨਿਆਂ ਵਿਚ ਮੁੰਬਈ ਦੀਆਂ ਸਾਰੀਆਂ ਉਪਨਗਰੀ ਰੇਲਗੱਡੀਆਂ ਵਿਚ ਨਿਗਰਾਨੀ ਲਈ ਸੀਸੀਟੀਵੀ ਲਗਾਏ ਜਾਣਗੇ। ਉਨ੍ਹਾਂ ਕਿਹਾ, 'ਰੇਲਵੇ ਵਿਚ ਲਾਲ ਫੀਤਾਸ਼ਾਹੀ ਖ਼ਤਮ ਕੀਤੀ ਜਾਵੇਗੀ।' ਉਨ੍ਹਾਂ ਕਿਹਾ ਕਿ ਸਵਾਰੀਆਂ ਦੀ ਸੁਰੱਖਿਆ ਰੇਲਵੇ ਦੀ ਤਰਜੀਹ ਹੈ।
ਮੰਤਰੀ ਨੇ ਕਿਹਾ ਕਿ ਹੁਣ ਫ਼ੁਟ ਓਵਰ ਬ੍ਰਿਜ ਕੇਵਲ ਸਹੂਲਤ ਨੂੰ ਵੇਖਦਿਆਂ ਨਹੀਂ, ਸਗੋਂ ਸਾਰੇ ਰੇਲਵੇ ਸਟੇਸ਼ਨਾਂ 'ਤੇ ਲਾਜ਼ਮੀ ਹੋਣਗੇ। ਮੁੱਖ ਦਫ਼ਤਰ ਵਿਚ 200 ਅਫ਼ਸਰਾਂ ਨੂੰ ਫ਼ੀਲਡ ਸਟਾਫ਼ ਵਜੋਂ ਤੈਨਾਤ ਕੀਤਾ ਜਾਵੇਗਾ ਤਾਕਿ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿਚ ਤੇਜ਼ੀ ਆਏ। ਰੇਲਵੇ ਦੇ ਜਨਰਲ ਮੈਨੇਜਰਾਂ ਨੂੰ ਵੀ ਸਾਰੇ ਖ਼ਰਚ ਕਰਨ ਦੇ ਅਧਿਕਾਰ ਦਿਤੇ ਜਾਣਗੇ। ਦੇਸ਼ ਭਰ ਵਿਚ 1000 ਕਰੋੜ ਦੇ ਨਿਵੇਸ਼ ਨਾਲ 40 ਯਾਰਡਾਂ ਦਾ ਨਵੀਨੀਕਰਨ ਹੋਵੇਗਾ ਜਿਨ੍ਹਾਂ ਵਿਚ 8 ਮੁੰਬਈ ਖੇਤਰ ਦੇ ਹਨ। ਉਨ੍ਹਾਂ ਕਿਹਾ ਕਿ ਆਡਿਟ ਟੀਮ ਸਟੇਸ਼ਨਾਂ ਦੀਆਂ ਖ਼ਾਮੀਆਂ ਦਾ ਪਤਾ ਲਾਏਗੀ। (ਏਜੰਸੀ)