ਨਵੀਂ ਦਿੱਲੀ, 8 ਫ਼ਰਵਰੀ : ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਨ ਦੌਰਾਨ ਕਾਂਗਰਸ ਸੰਸਦ ਮੈਂਬਰ ਰੇਣੂਕਾ ਚੌਧਰੀ ਦੇ ਹਾਸੇ 'ਤੇ ਵਿਵਾਦ ਪੈਦਾ ਹੋ ਗਿਆ ਹੈ। ਅੱਜ ਸੰਸਦ ਵਿਚ ਕਾਂਗਰਸ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਇਸ ਲਈ ਮਾਫ਼ੀ ਮੰਗਣ ਕਿਉਂਕਿ ਉਨ੍ਹਾਂ ਨੇ ਮਹਿਲਾ ਵਿਰੋਧੀ ਟਿਪਣੀ ਕੀਤੀ ਹੈ। ਮੈਂਬਰਾਂ ਨੇ ਨਾਹਰੇਬਾਜ਼ੀ ਵੀ ਕੀਤੀ ਜਿਸ ਕਾਰਨ ਰਾਜ ਸਭਾ ਦੀ ਕਾਰਵਾਈ ਇਕ ਵਾਰ ਰੋਕਣੀ ਵੀ ਪਈ।ਇਸੇ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਪ੍ਰਧਾਨ ਮੰਤਰੀ ਦੀ ਤੁਲਨਾ ਰਾਖ਼ਸ਼ ਮਹਿਸਾਸੁਰ ਨਾਲ ਕਰ ਦਿਤੀ। ਉਨ੍ਹਾਂ ਕਿਹਾ, 'ਮਹਿਸਾਸੁਰ ਨੂੰ ਵੀ ਲਗਦਾ ਸੀ ਕਿ ਉਸ ਨੂੰ ਕੋਈ ਹਰਾ ਨਹੀਂ ਸਕਦਾ ਪਰ ਬਾਅਦ ਵਿਚ ਚੰਗਿਆਈ ਦੀਆਂ ਸਾਰੀਆਂ ਤਾਕਤਾਂ ਇਕਜੁੱਟ ਹੋ ਗਈਆਂ ਤੇ ਔਰਤ ਦਾ ਰੂਪ ਧਾਰ ਕੇ ਮਹਿਸਾਸੁਰ ਦਾ ਅੰਤ ਕਰ ਦਿਤਾ ਗਿਆ।' ਰੇਣੂਕਾ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਮੋਦੀ ਇਕ ਪਾਸੇ ਔਰਤਾਂ ਦੇ ਸਨਮਾਨ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਔਰਤਾਂ ਬਾਰੇ ਟਿਪਣੀਆਂ ਕਰਦੇ ਹਨ। ਮੈਂ ਦੋ ਬੇਟੀਆਂ ਦੀ ਮਾਂ ਹਾਂ, ਕਿਸੇ ਦੀ ਬੇਟੀ ਹਾਂ, ਕਿਸੇ ਦੀ ਪਤਨੀ ਹਾਂ। ਮੈਂ ਹੁਣ ਸਦਨ ਵਿਚ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਤਾ ਲੈ ਕੇ ਆਵਾਂਗੀ।' ਉਨ੍ਹਾਂ ਹੱਸਣ ਦਾ ਕਾਰਨ ਦਸਦਿਆਂ ਕਿਹਾ ਕਿ ਮੋਦੀ 'ਆਧਾਰ' ਬਾਰੇ ਕਾਂਗਰਸ ਵਿਰੁਧ ਦੋਸ਼ ਲਾ ਰਹੇ ਸਨ ਜਦਕਿ ਆਧਾਰ ਵਿਰੁਧ ਮੋਦੀ ਵੀ ਕਈ ਵਾਰ ਬੋਲ ਚੁਕੇ ਹਨ।' ਕਲ ਜਦ ਰਾਜ ਸਭਾ ਵਿਚ ਮੋਦੀ ਭਾਸ਼ਨ ਦੇ ਰਹੇ ਸਨ ਤਾਂ ਰੇਣੂਕਾ ਚੌਧਰੀ ਜ਼ੋਰ ਨਾਲ ਹੱਸ ਪਈ। ਸਭਾਪਤੀ ਵੈਂਕਇਆ ਨਾਇਡੂ ਨੇ ਕਿਹਾ, 'ਤੁਹਾਨੂੰ ਕੀ ਹੋ ਗਿਆ ਹੈ। ਜੇ ਕੋਈ ਸਮੱਸਿਆ ਹੈ ਤਾਂ ਡਾਕਟਰ ਕੋਲ ਜਾਉ।' ਵੈਂਕਇਆ ਨਾਇਡੂ ਬੋਲ ਹੀ ਰਹੇ ਸਨ ਕਿ ਮੁਸਕਰਾਉਂਦੇ ਹੋਏ ਮੋਦੀ ਬੋਲੇ, 'ਰੇਣੂਕਾ ਜੀ ਨੂੰ ਕੁੱਝ ਨਾ ਕਹੋ। ਰਾਮਾਇਣ ਸੀਰੀਅਲ ਤੋਂ ਬਾਅਦ ਅਜਿਹਾ ਹਾਸਾ ਸੁਣਨ ਦਾ ਅੱਜ ਮੌਕਾ ਮਿਲਿਆ ਹੈ।'