ਰਿਆਨ ਸਕੂਲ ਦੇ ਦੋ ਅਧਿਕਾਰੀ ਗ੍ਰਿਫ਼ਤਾਰ, ਮਾਲਕ ਜ਼ਮਾਨਤ ਲਈ ਅਦਾਲਤ ਪਹੁੰਚੇ

ਖ਼ਬਰਾਂ, ਰਾਸ਼ਟਰੀ

ਗੁੜਗਾਉਂ, 11 ਸਤੰਬਰ:  ਗੁੜਗਾਉਂ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ ਸੱਤ ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿਚ ਸਕੂਲ ਦੇ ਦੋ ਉੱਚ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸਕੂਲ ਸੰਚਾਲਕ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਗਿਆ ਹੈ।
ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਂਚ ਲਈ ਪੁਲਿਸ ਨੇ 14 ਦਲ ਬਣਾਏ ਹਨ। ਇਹ ਦਲ ਸਕੂਲ ਦੇ ਸਟਾਫ਼ ਕੋਲੋਂ ਪੁੱਛ-ਪੜਤਾਲ ਕਰ ਰਹੇ ਹਨ ਅਤੇ ਸਕੂਲ ਦੇ ਸੀਈਓ ਰਿਆਨ ਪਿੰਟੋ ਅਤੇ ਨਿਰਦੇਸ਼ਕ ਅਲਬਰਟ ਪਿੰਟੋ ਕੋਲੋਂ ਪੁੱਛ-ਪੜਤਾਲ ਕਰਨ ਲਈ ਪੁਲਿਸ ਪਾਰਟੀ ਮੁੰਬਈ ਰਵਾਨਾ ਹੋ ਗਈ ਹੈ। ਗੁੜਗਾਉਂ ਪੁਲਿਸ ਮੁਖੀ ਸੰਦੀਪ ਖੋਰਵਾਰ ਨੇ ਦਸਿਆ ਕਿ ਸਕੂਲ ਦੇ ਕਾਨੂੰਨੀ ਮਾਮਲਿਆਂ ਦੇ ਮੁਖੀ ਫ਼ਰਾਂਸਿੰਸ ਥਾਮਸ ਅਤੇ ਐਚਆਰ ਮੁਖੀ ਜੇ ਐਸ ਥਾਮਸ ਨੂੰ ਐਤਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਪਿੰ੍ਰਸੀਪਲ ਨੀਰਜਾ ਬਤਰਾ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦੁਮਣ ਠਾਕੁਰ ਦੀ ਲਾਸ਼ ਸ਼ੁਕਰਵਾਰ ਨੂੰ ਸਕੂਲ ਦੇ ਪਖ਼ਾਨੇ ਵਿਚ ਮਿਲੀ ਸੀ। ਉਸ ਦਾ ਗਲਾ ਘੁਟ ਕੇ ਕਤਲ ਕਰ ਦਿਤਾ ਗਿਆ ਸੀ। ਬਸ ਕੰਡਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਕੇਸ ਨੇ ਵਿਆਪਕ ਪੱਧਰ 'ਤੇ ਰੋਸ ਪੈਦਾ ਕੀਤਾ ਹੈ।  ਹਰਿਆਣਾ ਪੁਲਿਸ ਨੇ ਅਦਾਲਤ ਵਿਚ ਕਿਹਾ ਹੈ ਕਿ ਸਕੂਲ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੂੰ ਬੱਚੇ ਦੀ ਬੋਤਲ 'ਤੇ ਖ਼ੂਨ ਦੇ ਨਿਸ਼ਾਨ ਵੀ ਮਿਲੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਬਾਥਰੂਮ ਵਿਚ ਲੱਗੀ ਤਾਕੀ ਦੀ ਗਰਿਲ ਕੱਟੀ ਹੋਈ ਹੈ ਜਿਸ ਕਾਰਨ ਕੋਈ ਵੀ ਅੰਦਰ ਆ ਜਾ ਸਕਦਾ ਹੈ। ਏਡੀਜੀ ਲਾਅ ਐਂਡ ਆਰਡਰ ਮੁਹੰਮਦ ਅਕੀਲ ਨੇ ਦਸਿਆ ਕਿ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਾਰਦਾਤ ਨੂੰ ਕਿਸੇ ਇਕ ਬੰਦੇ ਨੇ ਅੰਜਾਮ ਦਿਤਾ ਜਾਂ ਕੋਈ ਹੋਰ ਨਾਲ ਸੀ? ਉਨ੍ਹਾਂ ਕਿਹਾ ਕਿ ਰਿਆਨ ਸਕੂਲ ਵਲੋਂ ਲਾਪਰਵਾਹੀ ਕੀਤੀ ਗਈ ਹੈ।
ਸੁਪਰੀਮ ਕੋਰਟ ਵਲੋਂ ਜਵਾਬਤਲਬੀ
ਸੁਪਰੀਮ ਕੋਰਟ ਨੇ ਕਿਹਾ ਕਿ ਮ੍ਰਿਤਕ ਬੱਚੇ ਦੇ ਪਿਤਾ ਦੀ ਅਰਜ਼ੀ 'ਤੇ ਅਦਾਲਤ ਸੁਣਵਾਈ ਕਰੇਗੀ। ਬੱਚੇ ਦੇ ਪਿਤਾ ਵਰੁਣ ਠਾਕੁਰ ਨੇ ਇਸ ਕੇਸ ਦੀ ਜਾਂਚ ਸੀਬਆਈ ਜਾਂ ਵਿਸ਼ੇਸ ਜਾਂਚ ਦਲ ਕੋਲੋਂ ਕਰਾਉਣ ਦੀ ਮੰਗ ਕੀਤੀ ਹੈ।
ਇਹ ਅਰਜ਼ੀ ਜੱਜ ਦੀਪਕ ਮਿਸ਼ਰਾ ਦੀ ਬੈਂਚ ਕੋਲ ਸੁਣਵਾਈ ਵਾਸਤੇ ਆਈ ਸੀ ਜਿਨ੍ਹਾਂ ਕਿਹਾ ਕਿ ਕੋਰਟ ਦੀ ਰਜਿਸਟਰੀ ਤੋਂ ਪ੍ਰਵਾਨਗੀ ਮਿਲਣ ਮਗਰੋਂ ਸੁਣਵਾਈ ਹੋਵੇਗੀ। ਜੱਜ ਨੇ ਕਿਹਾ ਕਿ ਇਹ ਇਕ ਬੱਚੇ ਦਾ ਮਾਮਲਾ ਨਹੀਂ ਸਗੋਂ ਦੇਸ਼ ਦੇ ਸਾਰੇ ਬੱਚਿਆਂ ਦੀ ਸੁਰੱਖਿਆ ਦਾ ਮਾਮਲਾ ਹੈ। ਅਦਾਲਤ ਨੇ ਕੇਂਦਰ, ਸੀਬੀਆਈ, ਸੀਬੀਐਸਈ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਭੇਜ ਦਿਤਾ ਹੈ। (ਏਜੰਸੀ)