ਰੋਟੋਮੈਕ ਬੈਂਕ ਧੋਖਾਧੜੀ : ਕੋਠਾਰੀ ਨੂੰ ਸੀਬੀਆਈ ਨੇ 'ਹਿਰਾਸਤ' ਵਿਚ ਲਿਆ, ਤਲਾਸ਼ੀ ਜਾਰੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 20 ਫ਼ਰਵਰੀ : ਸੀਬੀਆਈ ਤੇ ਈਡੀ ਮਗਰੋਂ ਹੁਣ ਆਮਦਨ ਵਿਭਾਗ ਨੇ ਰੋਟੋਮੈਕ ਗਰੁਪ ਅਤੇ ਉਸ ਦੇ ਮਾਲਕਾਂ ਵਿਰੁਧ ਕਾਰਵਾਈ ਤੇਜ਼ ਕਰ ਦਿਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵਿਰੁਧ ਕਥਿਤ ਕਰ ਚੋਰੀ ਜਾਂਚ ਦੇ ਸਬੰਧ ਵਿਚ 11 ਬੈਂਕ ਖਾਤਿਆਂ ਵਿਚ ਲੈਣ-ਦੇਣ ਨੂੰ ਰੋਕ ਦਿਤਾ ਗਿਆ ਹੈ। ਅਧਿਕਾਰੀ ਨੇ  ਕਿਹਾ ਕਿ ਯੂਪੀ ਵਿਚ ਵੱਖ ਵੱਖ ਬੈਂਕ ਸ਼ਾਖ਼ਾਵਾਂ ਵਿਚ ਉਨ੍ਹਾਂ ਦੇ ਖਾਤਿਆਂ 'ਤੇ ਬੀਤੀ ਰਾਤ ਲੈਣ-ਦੇਣ 'ਤੇ ਰੋਕ ਲਾਈ ਗਈ। ਸ਼ੁਰੂਆਤੀ ਜ਼ਬਤੀ ਕਾਰਵਾਈ ਕਰੀਬ 85 ਕਰੋੜ ਦੀ 'ਬਕਾਇਆ ਕਰ ਮੰਗ' ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ। ਈਡੀ ਦੀਆਂ ਟੀਮਾਂ ਨੇ ਅੱਜ 

ਕਾਨਪੁਰ ਵਿਚ ਰੋਟੋਮੈਕ ਗਰੁਪ ਦੇ ਮਾਲਕ ਵਿਕਰਮ ਕੋਠਾਰੀ ਤੇ ਉਸ ਦੇ ਬੇਟੇ ਰਾਹੁਲ ਨੂੰ ਹਿਰਾਸਤ ਵਿਚ ਲੈ ਲਿਆ ਤੇ ਟੀਮਾਂ ਦਿੱਲੀ ਰਵਾਨਾ ਹੋ ਗਈਆਂ। ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਦੋ ਟੀਮਾਂ ਨੇ ਉਸ ਦੇ ਘਰ ਵਿਚ ਜਾਂਚ ਕੀਤੀ। ਆਮਦਨ ਵਿਭਾਗ ਦੀ ਟੀਮ ਦੋ ਘੰਟੇ ਕੋਠਾਰੀ ਦੇ ਘਰ ਤਲਾਸ਼ੀ ਲੈਂਦੀ ਰਹੀ ਅਤੇ ਕੋਠਾਰੀ ਦੀ ਨੂੰਹ ਤੇ ਪੁੱਤਰ ਨੂੰ ਬੈਂਕ ਵੀ ਲਿਜਾਇਆ ਗਿਆ। ਸਰਕਾਰੀ ਖੇਤਰ ਦੇ ਬੈਂਕ ਆਫ਼ ਬੜੌਦਾ ਨੇ ਅੱਜ ਕਿਹਾ ਕਿ ਰੋਟੋਮੈਕ ਗਲੋਬਲ ਵਿਚ ਉਸ ਦੇ ਵੀ 456.6 ਕਰੋੜ ਰੁਪਏ ਫਸੇ ਹਨ। ਬੈਂਕ ਨੇ ਦਸਿਆ ਕਿ ਕੰਪਨੀ ਨੂੰ ਦਿਤਾ ਗਿਆ ਕਰਜ਼ਾ ਸਾਲ 2015 ਵਿਚ ਫਸਿਆ ਹੋਇਆ ਕਰਜ਼ਾ ਐਲਾਨ ਦਿਤਾ ਗਿਆ ਸੀ।             (ਏਜੰਸੀ)