ਮੈਂ ਜਾਣਦੀ ਸੀ ਕਿ ਡਾ. ਮਨਮੋਹਨ ਸਿੰਘ ਮੇਰੇ ਨਾਲੋਂ ਚੰਗੇ ਪ੍ਰਧਾਨ ਮੰਤਰੀ ਸਾਬਤ ਹੋਣਗੇ : ਸੋਨੀਆ
ਮੁੰਬਈ, 9 ਮਾਰਚ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਸਾਲ 2004 ਵਿਚ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਇਸ ਲਈ ਚੁਣਿਆ ਸੀ ਕਿਉਂਕਿ ਉਸ (ਸੋਨੀਆ) ਨੂੰ ਅਪਣੀਆਂ ਹੱਦਾਂ ਦਾ ਗਿਆਨ ਸੀ ਅਤੇ ਉਹ ਜਾਣਦੀ ਸੀ ਕਿ ਡਾ. ਮਨਮੋਹਨ ਸਿੰਘ ਇਸ ਅਹੁਦੇ ਲਈ ਬਿਹਤਰ ਉਮੀਦਵਾਰ ਹਨ। ਸੋਨੀਆ ਨੇ ਕਿਹਾ, 'ਮੈਂ ਅਪਣੀਆਂ ਹੱਦਾਂ ਜਾਣਦੀ ਸੀ। ਮੈਂ ਜਾਣਦੀ ਸੀ ਕਿ ਡਾ. ਮਨਮੋਹਨ ਸਿੰਘ ਮੇਰੇ ਨਾਲੋਂ ਬਿਹਤਰ ਪ੍ਰਧਾਨ ਮੰਤਰੀ ਸਾਬਤ ਹੋਣਗੇ। 71 ਸਾਲਾ ਸੋਨੀਆ ਗਾਂਧੀ 19 ਸਾਲਾਂ ਤਕ ਕਾਂਗਰਸ ਦੀ ਪ੍ਰਧਾਨ ਰਹੀ। ਪਿਛਲੇ ਸਾਲ ਪਾਰਟੀ ਦੀਆਂ ਅੰਦਰੂਨੀ ਚੋਣਾਂ ਮਗਰੋਂ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਥਾਂ ਲਈ। ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਉਹ 2019 ਦੀਆਂ ਆਮ ਚੋਣਾਂ ਵਿਚ ਭਾਜਪਾ ਨੂੰ ਦੁਬਾਰਾ ਸੱਤਾ ਵਿਚ ਨਹੀਂ ਆਉਣ ਦੇਣਗੇ।ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਮੁੰਬਈ ਵਿਚ ਹੋਏ ਸਮਾਗਮ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਇਕੋ ਵਿਚਾਰਧਾਰਾ ਵਾਲੀਆਂ ਪਾਰਟੀਆਂ ਨੂੰ ਦੇਸ਼ ਦੇ ਹਿੱਤ ਲਈ ਸਥਾਨਕ ਮਤਭੇਦਾਂ ਨੂੰ ਦੂਰ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਉਹ ਕਾਂਗਰਸ ਸੰਸਦੀ ਦਲ ਪ੍ਰਧਾਨ ਦੇ ਰੂਪ ਵਿਚ ਰਾਹੁਲ ਗਾਂਧੀ ਅਤੇ ਹੋਰ ਸਾਥੀਆਂ ਨਾਲ ਇਹ ਵੇਖਣ ਲਈ ਇਕੋ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਲਗਾਤਾਰ ਬੈਠਕ ਕਰਦੇ ਹਨ ਕਿ ਕੀ ਉਹ ਮਿਲ ਕੇ ਕੰਮ ਕਰ ਸਕਦੀਆਂ ਹਨ। ਸੋਨੀਆ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਮਿਲ ਕੇ ਕੰਮ ਕੀਤਾ ਹੈ ਹਾਲਾਂਕਿ ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਅਜਿਹੀਆਂ ਪਾਰਟੀਆਂ ਦਾ ਇਕੱਠੇ ਹੋਣਾ ਬਹੁਤ ਮੁਸ਼ਕਲ ਕੰਮ ਹੈ।ਸੋਨੀਆ ਨੇ ਕਿਹਾ, 'ਸਾਡੇ ਸਮੇਤ ਇਹ ਸਾਰੀਆਂ ਪਾਰਟੀਆਂ ਲਈ ਮੁਸ਼ਕਲ ਹੈ। ਕੌਮੀ ਪੱਧਰ 'ਤੇ ਕੁੱਝ ਮੁੱਦਿਆਂ 'ਤੇ ਅਸੀ ਇਕੱਠੇ ਹੋ ਸਕਦੇ ਹਾਂ ਪਰ ਜ਼ਮੀਨੀ ਪੱਧਰ 'ਤੇ ਅਸੀ ਵਿਰੋਧੀ ਹਾਂ। ਸਾਡੇ ਸਮੇਤ ਸਾਰੀਆਂ ਪਾਰਟੀਆਂ ਵਲੋਂ ਕਾਫ਼ੀ ਦਬਾਅ ਹੈ ਜਿਵੇਂ ਪਛਮੀ ਬੰਗਾਲ ਅਤੇ ਹੋਰ ਕਈ ਸੂਬਿਆਂ ਵਿਚ।' ਕਾਂਗਰਸੀ ਸੂਤਰਾਂ ਅਨੁਸਾਰ ਭਾਜਪਾ ਵਿਰੁਧ ਸਾਂਝਾ ਮੋਰਚਾ ਬਣਾਉਣ ਦੀ ਕੋਸ਼ਿਸ਼ ਤਹਿਤ ਸੋਨੀਆ ਨੇ 13 ਮਾਰਚ ਨੂੰ ਦਿੱਲੀ ਵਿਚ ਵਿਰੋਧੀ ਧਿਰਾਂ ਨੂੰ ਰਾਤ ਦੇ ਖਾਣੇ 'ਤੇ ਸੱਦਿਆ ਹੈ।