ਨਵੀਂ ਦਿੱਲੀ, 27 ਦਸੰਬਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਥਿਤ ਬਿਆਨ ਨੂੰ ਲੈ ਕੇ ਸਰਦ ਰੁੱਤ ਇਜਲਾਸ ਦੇ ਸ਼ੁਰੂ ਤੋਂ ਹੀ ਰਾਜ ਸਭਾ 'ਚ ਜਾਰੀ ਰੇੜਕਾ ਅੱਜ ਸਦਨ ਦੇ ਆਗੂ ਅਰੁਣ ਜੇਤਲੀ ਦੇ ਬਿਆਨ ਤੋਂ ਬਾਅਦ ਦੂਰ ਹੋ ਗਿਆ।ਜੇਤਲੀ ਨੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਮਨਮੋਹਨ ਸਿੰਘ ਦੇ ਦੇਸ਼ ਪ੍ਰਤੀ ਵਚਨਬੱਧਤਾ ਨੂੰ ਲੈ ਕੇ ਕੋਈ ਸਵਾਲ ਹੀ ਨਹੀਂ ਚੁਕਿਆ ਸੀ। ਅਸੀਂ ਉਨ੍ਹਾਂ ਦਾ ਕਾਫ਼ੀ ਮਾਣ ਕਰਦੇ ਹਾਂ।''ਰਾਜ ਸਭਾ 'ਚ ਅੱਜ ਦੁਪਹਿਰ ਦੇ ਭੋਜਨ ਦੀ ਛੁੱਟੀ ਤੋਂ ਬਾਅਦ ਸਦਨ ਦੇ ਆਗੂ ਅਰੁਣ ਜੇਤਲੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਪਿੱਛੇ ਜਿਹੇ ਹੋਈਆਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਦਾ ਮੁੱਦਾ ਕਈ ਮੌਕਿਆਂ 'ਤੇ ਚੁਕਿਆ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਾਰੀਆਂ ਧਿਰਾਂ ਵਲੋਂ ਬਿਆਨ ਦਿਤੇ ਗਏ ਅਤੇ ਉਹ ਨਹੀਂ ਚਾਹੁੰਦੇ ਕਿ ਇਸ ਦੇ ਨਤੀਜੇ ਵਜੋਂ ਸਦਨ 'ਚ ਰੇੜਕਾ ਬਣਿਆ ਰਹੇ।ਜੇਤਲੀ ਨੇ ਕਿਹਾ, ''ਮੈਂ ਸਪੱਸ਼ਟ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਦੇਸ਼ ਬਾਰੇ ਉਨ੍ਹਾਂ ਦੀ ਵਚਨਬੱਧਤਾ ਨੂੰ ਲੈ ਕੇ ਨਾ ਤਾਂ ਕੋਈ ਸਵਾਲ ਕੀਤਾ ਅਤੇ ਨਾ ਹੀ ਸਵਾਲ ਚੁੱਕਣ ਦੀ ਉਨ੍ਹਾਂ ਦੀ ਕੋਈ ਇੱਛਾ ਸੀ। ਇਸ ਤਰ੍ਹਾਂ ਦੀ ਕੋਈ ਵੀ ਧਾਰਨ ਤਰੁੱਟੀਪੂਰਨ ਹੈ।''