ਨਵੀਂ ਦਿੱਲੀ, 21 ਦਸੰਬਰ : ਰਾਜਸੀ ਪੱਖੋਂ ਸੰਵੇਦਨਸ਼ੀਲ 2ਜੀ ਘੁਟਾਲੇ ਦੇ ਮੁੱਖ ਕੇਸ ਵਿਚ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਸਾਰੇ 17 ਮੁਲਜ਼ਮਾਂ ਨੂੰ ਬਰੀ ਕਰ ਦਿਤਾ। ਬਰੀ ਹੋਣ ਵਾਲਿਆਂ ਵਿਚ ਮੁੱਖ ਮੁਲਜ਼ਮ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ ਅਤੇ ਡੀਐਮਕੇ ਨੇਤਾ ਕਨੀਮੋਝੀ ਵੀ ਸ਼ਾਮਲ ਹਨ। ਤਿੰਨ ਮਾਮਲਿਆਂ ਵਿਚ 35 ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹੈ ਜਿਨ੍ਹਾਂ ਵਿਚ ਕੰਪਨੀਆਂ ਵੀ ਸ਼ਾਮਲ ਹਨ। 2ਜੀ ਘੁਟਾਲੇ ਨੂੰ ਦੇਸ਼ ਦਾ ਸੱਭ ਤੋਂ ਵੱਡਾ 1 ਲੱਖ 76 ਹਜ਼ਾਰ ਕਰੋੜ ਦਾ ਘੁਟਾਲਾ ਦਸਿਆ ਗਿਆ ਸੀ। ਵਿਸ਼ੇਸ਼ ਅਦਾਲਤ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਮੁਦਈ ਧਿਰ ਮੁਲਜ਼ਮਾਂ ਵਿਰੁਧ ਦੋਸ਼ ਸਾਬਤ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਫ਼ੈਸਲਾ ਸੁਣਾਏ ਜਾਣ ਸਮੇਂ ਏ ਰਾਜਾ ਅਤੇ ਕਨੀਮੋਝੀ ਅਦਾਲਤ ਵਿਚ ਹੀ ਸਨ। ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਓ ਪੀ ਸੈਣੀ ਨੇ ਅਪਣੇ ਫ਼ੈਸਲੇ ਵਿਚ ਸਾਬਕਾ ਸੰਚਾਰ ਸਕੱਤਰ ਸਿਧਾਰਥ ਵੇਹੁਰਾ, ਰਾਜਾ ਦੇ ਸਾਬਕਾ ਨਿਜੀ ਸਕੱਤਰ ਆਰ ਕੇ ਚਦੋਲੀਆ, ਸਵਾਨ ਟੈਲੀਕਾਮ ਦੇ ਪ੍ਰਮੋਟਰਜ਼ ਸ਼ਾਹਿਦ ਉਸਮਾਨ ਬਲਵਾ ਅਤੇ ਵਿਨੋਦ ਗੋਇਨਕਾ, ਯੂਨੀਟੈਕ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਸੰਜੇ ਚੰਦਰਾ ਅਤੇ ਰਿਲਾਇੰਸ ਅਨਿਲ ਅੰਬਾਨੀ ਸਮੂਹ ਦੇ ਤਿੰਨ ਸੀਨੀਅਰ ਅਧਿਕਾਰੀ ਗੌਤਮ ਦੋਸ਼ੀ, ਸੁਰਿੰਦਰ ਪਪਾਰਾ ਅਤੇ ਹਰੀ ਨਾਇਰ ਸਮੇਤ 16 ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿਤਾ। ਅਦਾਲਤ ਨੇ 200 ਕਰੋੜ ਰੁਪਏ ਦੀ ਰਿਸ਼ਵਤ ਰਕਮ ਨੂੰ ਸਫ਼ੈਦ ਕਰਨ ਦੇ ਦੋਸ਼ ਤੋਂ ਏ ਰਾਜਾ ਅਤੇ ਕਨੀਮੋਝੀ ਨੂੰ ਬਰੀ ਕਰ ਦਿਤਾ ਕਿਉਂਕਿ ਇਹ ਘਪਲਾ ਹੋਇਆ ਹੀ ਨਹੀਂ ਸੀ। ਜੱਜ ਨੇ ਰਾਜਾ ਸਮੇਤ 17 ਮੁਲਜ਼ਮਾਂ ਨੂੰ ਸੀਬੀਆਈ ਦੇ ਮੁੱਖ ਮਾਮਲੇ ਵਿਚੋਂ ਇਹ ਕਹਿੰਦਿਆਂ ਬਰੀ ਕਰ ਦਿਤਾ ਕਿ ਕੋਈ ਘੁਟਾਲਾ ਨਹੀਂ ਸੀ। ਅਦਾਲਤ ਨੇ ਸੀਬੀਆਈ ਦੇ ਮਾਮਲੇ ਵਿਚੋਂ ਉਪਜੇ ਈਡੀ ਦੇ ਮਾਮਲੇ ਨੂੰ ਵੀ ਰੱਦ ਕਰ ਦਿਤਾ। ਈਡੀ ਨੇ ਦੋਸ਼ ਲਾਇਆ ਸੀ ਕਿ ਕੰਪਨੀਆਂ ਨੇ ਲਾਇਸੰਸ ਬਦਲੇ 200 ਕਰੋੜ ਰੁਪਏ ਦੀ ਰਿਸ਼ਵਤ ਦਿਤੀ ਸੀ। ਜੱਜ ਨੇ ਕਿਹਾ ਕਿ ਮੁਲਜ਼ਮ ਬਰੀ ਕਰ ਦਿਤੇ ਗਏ ਹਨ, ਇਸ ਕਾਰਨ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਮਾਮਲਾ ਨਹੀਂ ਬਣ ਸਕਦਾ।
ਇਸ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ ਨੇ ਦੋਸ਼ ਲਾਇਆ ਸੀ ਕਿ 2 ਜੀ ਸਪੈਕਟਰਮ ਲਾਇੰਸਸਾਂ ਦੀ ਵੰਡ ਦੌਰਾਨ 30,984 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ। ਸੁਪਰੀਮ ਕੋਰਟ ਨੇ ਦੋ ਫ਼ਰਵਰੀ 2012 ਨੂੰ ਲਾਇਸੰਸਾਂ ਦੀ ਵੰਡ ਰੱਦ ਕਰ ਦਿਤੀ ਸੀ। ਅਦਾਲਤ ਨੇ 2 ਜੀ ਸਪੈਕਟਰਮ ਘਪਲੇ ਦੀ ਜਾਂਚ ਦੌਰਾਨ ਸਾਹਮਣੇ ਆਏ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿਚ ਈਡੀ ਦੇ ਮੁਕੱਦਮੇ ਵਿਚ ਵੀ ਰਾਜਾ ਅਤੇ ਡੀਐਮਕੇ ਮੁਖੀ ਐਮ ਕਰੁਣਾਨਿਧੀ ਦੀ ਪੁਤਰੀ ਕਨੀਮੋਝੀ ਨੂੰ ਬਰੀ ਕਰ ਦਿਤਾ। ਈਡੀ ਨੇ ਅਪਣੇ ਦੋਸ਼ ਪੱਤਰ ਵਿਚ ਐਮ ਕਰੁਣਾਨਿਧੀ ਦੀ ਪਤਨੀ ਦਿਆਲੂ ਅਮਲ ਨੂੰ ਵੀ ਦੋਸ਼ੀ ਬਣਾਇਆ ਸੀ। ਉਸ ਵਿਰੁਧ ਦੋਸ਼ ਲਾਇਆ ਗਿਆ ਸੀ ਕਿ ਸਵੈਨ ਟੈਲੀਕਾਮ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰਜ਼ ਨੇ ਡੀਐਮਕੇ ਦੁਆਰਾ ਸੰਚਾਲਤ ਕਲੈਗਨਾਰ ਟੀਵੀ ਨੂੰ 200 ਕਰੋੜ ਰੁਪਏ ਦਿਤੇ। ਸ਼ਾਹਿਦ ਬਲਵਾ, ਵਿਨੋਦ ਗੋਇੰਕਾ, ਕੁਸੇਗਾਂਵ ਫ਼ਰੂਟਸ ਐਂਡ ਵੈਜ਼ੀਟੇਬਲਜ਼ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕ ਆਸਿਫ਼ ਬਲਵਾ ਅਤੇ ਰਾਜੀਵ ਅਗਰਵਾਲ, ਕਲੈਗਨਾਰ ਟੀਵੀ ਦੇ ਨਿਰਦੇਸ਼ਕ ਸ਼ਰਦ ਕੁਮਾਰ, ਬਾਲੀਵੁਡ ਫ਼ਿਲਮ ਨਿਰਮਾਤਾ ਕਰੀਮ ਮੋਰਾਨੀ ਅਤੇ ਪੀ ਅਮ੍ਰਿਤਮ ਸਮੇਤ 16 ਹੋਰ ਮੁਲਜ਼ਮਾਂ ਨੂੰ ਵੀ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿਚ ਬਰੀ ਕਰ ਦਿਤਾ ਗਿਆ ਹੈ। 2ਜੀ ਮਾਮਲੇ ਦੀ ਸੁਣਾਵਾਈ ਲਈ 14 ਮਾਰਚ 2011 ਨੂੰ ਸਥਾਪਤ ਵਿਸ਼ੇਸ਼ ਅਦਾਲਤ ਨੇ ਜੱਜ ਓ ਪੀ ਸੈਣੀ ਦੇ ਐਸਾਰ ਸਮੂਹ ਦੇ ਪ੍ਰਮੋਟਰਜ਼ ਰਵੀ ਕਾਂਤ ਰੂਈਆ ਅਤੇ ਅੰਸ਼ੂਮਨ ਰੂਈਆ ਸਮੇਤ ਛੇ ਹੋਰਾਂ ਨੂੰ ਇਸ ਘਪਲੇ ਨਾਲ ਜੁੜੇ ਹੋਰ ਮਾਮਲੇ ਵਿਚ ਬਰੀ ਕਰ ਦਿਤਾ ਹੈ। ਲੂਪ ਟੈਲੀਕਾਮ ਦੇ ਆਈ ਪੀ ਖੇਤਾਨ ਅਤੇ ਕਿਰਨ ਖੇਤਾਨ ਅਤੇ ਐਸਾਰ ਸਮੂਹ ਦੇ ਨਿਰਦੇਸ਼ਕਾਂ ਵਿਚੋਂ ਇਕ ਵਿਕਾਸ ਸਰਾਫ਼, ਲੂਪ ਟੈਲੀਕਾਮ ਲਿਮਟਿਡ, ਲੂਪ ਮੋਬਾਈਲ ਨੂੰ ਵੀ ਬਰੀ ਕਰ ਦਿਤਾ ਗਿਆ ਹੈ। ਸਾਰੇ ਤਿੰਨ go movies ਮਾਮਲਿਆਂ ਦਾ ਨਿਬੇੜਾਜੱਜ ਨੇ ਅੱਜ ਸਾਰੇ ਤਿੰਨ ਮਾਮਲਿਆਂ ਵਿਚ ਫ਼ੈਸਲਾ ਸੁਣਾਇਆ ਜਿਨ੍ਹਾਂ ਵਿਚ ਕਈ ਕੰਪਨੀਆਂ ਸਮੇਤ ਕੁਲ 35 ਮੁਲਜ਼ਮ ਸਨ। ਪਹਿਲੇ ਮੁਕੱਦਮੇ ਵਿਚ ਸੀਬੀਆਈ ਨੇ 17 ਜਣਿਆਂ ਨੂੰ ਦੋਸ਼ੀ ਬਣਾਇਆ ਸੀ। ਦੂਜਾ ਮੁਕੱਦਮਾ ਈਡੀ ਦਾ ਸੀ ਜਿਸ ਵਿਚ 19 ਜਣਿਆਂ ਨੂੰ ਦੋਸ਼ੀ ਬਣਾਇਆ ਸੀ। ਤੀਜੇ ਮੁਕੱਦਮੇ ਵਿਚ ਐਸਾਰ ਦੇ ਪ੍ਰਮੋਟਰਜ਼ ਸਮੇਤ ਅੱਠ ਜਣਿਆਂ ਨੂੰ ਦੋਸ਼ੀ ਬਣਾਇਆ ਗਿਆ ਸੀ।