ਦਾਰਜਲਿੰਗ, 27 ਸਤੰਬਰ:
ਦਾਰਜਲਿੰਗ ਵਿਚ ਪਿਛਲੇ ਕੁੱਝ ਸਮੇਂ ਤੋਂ ਹੋ ਰਹੀਆਂ ਹਿੰਸਾ ਦੀਆਂ ਘਟਨਾਵਾਂ, ਅਣਮਿੱਥੇ
ਸਮੇਂ ਲਈ ਬੰਦ ਅਤੇ ਪ੍ਰਦਰਸ਼ਨਾਂ ਤੋਂ ਬਾਅਦ ਅੱਜ ਸਾਢੇ ਤਿੰਨ ਮਹੀਨਿਆਂ ਬਾਅਦ ਦਾਰਜਲਿੰਗ
ਨੂੰ ਮੁੜ ਤੋਂ ਖੋਲ੍ਹ ਦਿਤਾ ਗਿਆ। ਇਥੇ ਹੁਣ ਪਹਿਲਾਂ ਵਾਂਗ ਹੀ ਸ਼ਾਂਤੀ ਬਣ ਗਈ ਹੈ। ਅੱਜ
ਦਾਰਜਲਿੰਗ ਦਾ ਸਾਰਾ ਬਾਜ਼ਾਰ ਮੁੜ ਤੋਂ ਖੁਲ੍ਹ ਗਿਆ ਅਤੇ ਲੋਕ ਬਾਜ਼ਾਰ ਆਏ ਅਤੇ ਪਹਿਲਾਂ
ਵਾਂਗ ਦਾਰਜਲਿੰਗ ਵਿਚ ਅਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ।
ਵਖਰੇ ਗੋਰਖਾਲੈਂਡ ਲਈ 15
ਜੂਨ ਤੋਂ ਪ੍ਰਦਰਸ਼ਨ ਸ਼ੁਰੂ ਕਰਨ ਵਾਲੇ ਗੋਰਖਾ ਜਨਮੁਕਤੀ ਮੋਰਚਾ (ਜੀਜੇਐਮ) ਨੇ ਬੀਤੀ ਰਾਤ
ਅਪਣਾ ਪ੍ਰਦਰਸ਼ਨ ਖ਼ਤਮ ਕਰ ਦਿਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਕੀਤੀ ਗਈ ਅਪੀਲ ਤੋਂ
ਬਾਅਦ ਹੀ ਇਹ ਪ੍ਰਦਰਸ਼ਨ ਅੱਜ ਸਵੇਰੇ ਛੇ ਵਜੇ ਤੋਂ ਖ਼ਤਮ ਕੀਤਾ ਗਿਆ। ਕਲ ਦਿਤੇ ਬਿਆਨ ਵਿਚ
ਰਾਜਨਾਥ ਸਿੰਘ ਨੇ ਕਿਹਾ ਕਿ ਲੋਕਤੰਤਰ ਵਿਚ ਗੱਲਬਾਤ ਹੀ ਹਰ ਮੁਸ਼ਕਲ ਦਾ ਹੱਲ ਹੁੰਦਾ ਹੈ।
ਉਨ੍ਹਾਂ ਕੇਂਦਰੀ ਗ੍ਰਹਿ ਸਕੱਤਰ ਨੂੰ ਸਬੰਧਤ ਮਾਮਲੇ 'ਤੇ ਵਿਚਾਰ ਕਰਨ ਲਈ ਉੱਚ ਪਧਰੀ
ਮੀਟਿੰਗ ਬੁਲਾਉਣ ਲਈ ਕਿਹਾ ਸੀ।
ਅੱਜ ਦਾਰਜਲਿੰਗ ਦੀਆਂ ਸੜਕਾਂ 'ਤੇ ਵੀ ਵਾਹਨਾਂ ਦੀ ਆਵਾਜਾਈ ਰਹੀ। ਬਸਾਂ ਵਿਚ ਬੈਠ ਕੇ ਸਵਾਰੀਆਂ ਇਕ ਤੋਂ ਦੂਜੀ ਥਾਂ ਤਕ ਜਾਂਦੀਆਂ ਨਜ਼ਰ ਆਈਆਂ।
ਦਾਰਜਲਿੰਗ
ਵਿਚ ਸਥਿਤ ਹੋਟਲ ਮਾਲਕਾਂ ਨੇ ਉਮੀਦ ਪ੍ਰਗਟਾਈ 'ਤੇ ਛੇਤੀ ਹੀ ਸੈਲਾਨੀ ਵੀ ਇਥੇ ਆਉਣਾ
ਸ਼ੁਰੂ ਕਰ ਦੇਣਗੇ। ਅਣਪਛਾਤੀ ਥਾਂ ਤੋਂ ਜਾਰੀ ਕੀਤੀ ਗਈ ਆਡੀਊ ਕਲਿਪ ਵਿਚ ਪਿਛਲੇ ਮਹੀਨੇ
ਤੋਂ ਫ਼ਰਾਰ ਚਲ ਰਹੇ ਜੀਜੇਐਮ ਮੁਖੀ ਬਿਮਲ ਗੁਰੰਗ ਨੇ ਦਾਰਜਲਿੰਗ ਦੇ ਲੋਕਾਂ ਨੂੰ ਅਪੀਲ
ਕੀਤੀ ਕਿ ਉਹ ਮੁੜ ਤੋਂ ਦਾਰਜਲਿੰਗ ਨੂੰ ਖੋਲ੍ਹ ਦੇਣ ਤਾਕਿ ਬੱਸ ਸਰਵਿਸ ਬਹਾਲ ਹੋ ਸਕੇ ਅਤੇ
ਦੁਕਾਨਾਂ, ਸਕੂਲ ਤੇ ਕਾਲਜ ਫਿਰ ਤੋਂ ਖੁਲ੍ਹ ਸਕਣ ਅਤੇ ਬੱਚੇ ਅਪਣੀ ਪੜ੍ਹਾਈ ਪੂਰੀ ਕਰ
ਸਕਣ। ਉਨ੍ਹਾਂ ਦਾਰਜਲਿੰਗ ਦੇ ਲੋਕਾਂ ਨੂੰ ਆਊਣ ਵਾਲੇ ਤਿਉਹਾਰਾਂ ਦੀਆਂ ਵਧਾਈਆਂ ਵੀ
ਦਿਤੀਆਂ।
ਜ਼ਿਕਰਯੋਗ ਹੈ ਕਿ ਗ਼ੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਰਹਿਣ ਕਾਰਨ ਗੁਰੰਗ ਵਿਰੁਧ ਮਾਮਲਾ ਦਰਜ ਅਤੇ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। (ਪੀ.ਟੀ.ਆਈ.)