ਸਾਹਮਣੇ ਆਉਣ ਲਗੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ, ਦਿੱਲੀ-ਐਨ.ਸੀ.ਆਰ. ਦੀ ਚਿੰਤਾ ਵਧੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 27 ਸਤੰਬਰ: ਹਰਿਆਣਾ ਅਤੇ ਪੰਜਾਬ ਦੇ ਕੁੱਝ ਹਿੱਸਿਆਂ 'ਚ ਖੇਤਾਂ ਅੰਦਰ ਝੋਨੇ ਦੀ ਪਾਰਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਨਾਲ ਦਿੱਲੀ-ਐਨ.ਸੀ.ਆਰ. ਅਤੇ ਇਸ ਦੇ ਨੇੜਲੇ ਸੂਬਿਆਂ ਵਿਚ ਹਿੰਤਾਵਾਂ ਵੱਧ ਰਹੀਆਂ ਹਨ।
ਹਰਿਆਣਾ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਰਾਲੀ ਸਾੜਨ ਦੀਆਂ ਦੋ ਰੀਪੋਰਟਾਂ ਦੀ ਪੁਸ਼ਟੀ ਕੀਤੀ ਹੈ ਜਦਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਵੈੱਬ ਫ਼ਾਇਰ ਮੈਪਰ ਪੰਜਾਬ ਸਮੇਤ ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ.) 'ਚ ਖਿੰਡੇ ਕੁੱਝ ਲਾਲ ਬਿੰਦੂ ਵਿਖਾ ਰਿਹਾ ਹੈ।
ਹਰਿਆਣਾ ਨੇ 22 ਸਤੰਬਰ ਨੂੰ ਖੇਤਰ ਦੀ ਉਪਗ੍ਰਹਿ ਨਾਲ ਨਿਗਰਾਨੀ ਸ਼ੁਰੂ ਕੀਤੀ ਅਤੇ ਇਸ ਤੋਂ ਬਾਅਦ ਤੋਂ ਅਧਿਕਾਰੀਆਂ ਨੇ ਦੋ ਘਟਨਾਵਾਂ ਵੇਖੀਆਂ ਜਿੱਥੇ ਕਿਸਾਨ ਪਰਾਲੀ ਸਾੜ ਰਹੇ ਸਨ। ਇਸ ਦੀ ਜਾਣਕਾਰੀ ਵਾਤਾਵਰਣ ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ ਅਥਾਰਟੀ (ਈ.ਪੀ.ਸੀ.ਏ.) ਨੂੰ ਦਿਤੀ ਗਈ।
ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੋਵੇਂ ਮਾਮਲੇ ਪਾਨੀਪਤ 'ਚੋਂ ਸਾਹਮਣੇ ਆਏ ਹਨ। ਫ਼ਤਿਹਾਬਾਦ 'ਚ ਵੀ ਇਕ ਮਾਮਲਾ ਸਾਹਮਣੇ ਆਇਆ ਪਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਉਧਰ ਸੁਪਰੀਮ ਕੋਰਟ ਦੇ ਹੁਕਮ ਉਤੇ ਗਠਤ ਈ.ਪੀ.ਸੀ.ਏ. ਨੂੰ ਉਮੀਦ ਹੈ ਕਿ ਸੂਬੇ ਦੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਨਿਗਰਾਨੀ ਅਤੇ ਜਾਗਰੂਕਤਾ ਮੁਹਿੰਮ ਦਾ ਨਤੀਜਾ ਸਾਕਾਰਾਤਮਕ ਨਿਕਲੇਗਾ ਅਤੇ ਪਿਛਲੇ ਕੁੱਝ ਸਾਲਾਂ ਦਾ ਅਜਿਹਾ ਤਜਰਬਾ ਇਸ ਵਾਰ ਵੇਖਣ ਨੂੰ ਨਹੀਂ ਮਿਲੇਗਾ ਜਿਸ 'ਚ ਪਰਾਲੀ ਸਾੜਨ ਕਰ ਕੇ ਦਿੱਲੀ ਦੀ ਹਵਾ ਦਾ ਮਿਆਰ ਬੇਹੱਦ ਖ਼ਰਾਬ ਹੋ ਜਾਂਦਾ ਸੀ।
ਇਸ ਵਾਰੀ ਦਿੱਲੀ ਸਰਕਾਰ ਪਰਾਲੀ ਸਾੜਨ ਨੂੰ ਲੈ ਕੇ ਖ਼ਾਸ ਤੌਰ ਤੇ ਚਿੰਤਤ ਹੈ ਕਿਉਂਕਿ ਸ਼ਹਿਰ 'ਚ ਅਕਤੂਬਰ ਦੌਰਾਨ ਅੰਡਰ-17 ਫ਼ੀਫ਼ਾ ਵਿਸ਼ਵ ਕੱਪ ਦੇ ਕੁੱਝ ਮੈਚ ਹੋਣੇ ਹਨ ਅਤੇ ਵੱਡੇ ਪੱਧਰ ਤੇ ਧੂੰਆਂ ਫੈਲਣ ਨਾਲ ਦੇਸ਼ ਦਾ ਅਕਸ ਖ਼ਰਾਬ ਹੋ ਸਕਦਾ ਹੈ। ਪਿਛਲੇ ਸਾਲ ਇਸ ਮਾਮਲੇ ਨੇ ਸਿਆਸੀ ਰੰਗ ਲੈ ਲਿਆ ਸੀ ਅਤੇ ਦਿੱਲੀ ਨੇ ਪ੍ਰਦੂਸ਼ਣ ਲਈ ਹਰਿਆਣਾ ਅਤੇ ਪੰਜਾਬ ਨੂੰ ਜ਼ਿੰਮੇਵਾਰੀ ਦਸਿਆ ਸੀ। (ਪੀਟੀਆਈ)