ਸਰਹੱਦ 'ਤੇ ਪਾਕਿ ਦੀ ਹਰ ਗੋਲੀਬਾਰੀ ਦਾ ਭਾਰਤ ਦੇਵੇਗਾ ਮੂੰਹਤੋੜ ਜਵਾਬ: ਫ਼ੌਜ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 22 ਸਤੰਬਰ: ਭਾਰਤੀ ਫ਼ੌਜ ਨੇ ਅੱਜ ਪਾਕਿਸਤਾਨ ਨੂੰ ਸਾਫ਼ ਸਾਫ਼ ਕਿਹਾ ਹੈ ਕਿ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਕੋਲ ਪਾਕਿਸਤਾਨੀ ਗੋਲੀਬਾਰੀ ਕਰ ਕੇ ਜੇ ਭਾਰਤ ਦੇ ਕਿਸੇ ਫ਼ੌਜੀ ਦੀ ਜਾਨ ਜਾਂਦੀ ਹੈ ਤਾਂ ਭਾਰਤ ਇਸ ਦਾ ਮੂੰਹਤੋੜ ਜਵਾਬ ਦੇਣ ਦਾ ਹੱਕ ਰਖਦਾ ਹੈ।
ਭਾਰਤੀ ਜ਼ਮੀਨੀ ਫ਼ੌਜ ਦੀ ਫ਼ੌਜੀ ਮੁਹਿੰਮ ਦੇ ਡਾਇਰੈਕਟਰ ਜਨਰਲ (ਡੀ.ਜੀ.ਐਮ.ਓ.) ਲੈਫ਼ਟੀਨੈਂਟ ਜਨਰਲ ਏ.ਕੇ. ਭੱਟ ਨੇ ਅਪਣੇ ਪਾਕਿਸਤਾਨੀ ਹਮਰੁਤਬਾ ਨੂੰ ਟੈਲੀਫ਼ੋਨ ਉਤੇ ਇਕ ਗੱਲਬਾਤ ਦੌਰਾਨ ਕਿਹਾ ਕਿ ਪਾਕਿਸਤਾਨੀ ਅਗਾਊਂ ਚੌਕੀਆਂ ਦੀ ਹਮਾਇਤ ਨਾਲ ਸਰਹੱਦ ਪਾਰ ਤੋਂ ਭਾਰਤ ਅੰਦਰ ਹੋਣ ਵਾਲੀ ਘੁਸਪੈਠ ਜਾਰੀ ਹੈ, ਜਿਸ ਨਾਲ ਸਰਹੱਦੀ ਇਲਾਕਿਆਂ 'ਚ ਅਮਨ-ਚੈਨ ਪ੍ਰਭਾਵਤ ਹੋ ਰਿਹਾ ਹੈ। ਟੈਲੀਫ਼ੋਨ ਉਤੇ ਇਸ ਗੱਲਬਾਤ ਦੀ ਪਹਿਲ ਮੇਜਰ ਜਨਰਲ ਮਿਰਜ਼ਾ ਨੇ ਕੀਤੀ ਸੀ।
ਭੱਟ ਨੇ ਪਾਕਿਸਤਾਨ ਦੇ ਡੀ.ਜੀ.ਐਮ.ਓ. ਮੇਜਰ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਇਹ ਵੀ ਕਿਹਾ ਕਿ ਸਰਹੱਦ ਪਾਰ ਤੋਂ ਹੋਣ ਵਾਲੀ ਘੁਸਪੈਠ ਨਾਲ ਜੰਮੂ-ਕਸ਼ਮੀਰ ਦੇ ਅੰਦਰੂਨੀ ਸੁਰੱਖਿਆ ਹਾਲਾਤ ਉਤੇ ਅਸਰ ਪੈ ਰਿਹਾ ਹੈ ਅਤੇ ਪਾਕਿਸਤਾਨੀ ਜ਼ਮੀਨੀ ਫ਼ੌਜ ਦੇ ਜਵਾਨਾਂ ਦੀ ਹਮਾਇਤ ਨਾਲ ਸਰਹੱਦ ਪਾਰ ਤੋਂ ਭਾਰਤੀ ਫ਼ੌਜੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਤੋਂ ਇਹ ਸਾਫ਼ ਹੈ। ਡੀ.ਜੀ.ਐਮ.ਓ. ਨੇ ਕਿਹਾ ਕਿ ਭਾਰਤੀ ਜ਼ਮੀਨੀ ਫ਼ੌਜ ਕੰਟਰੋਲ ਰੇਖਾ ਕੋਲ ਅਮਨ-ਚੈਨ ਕਾਇਮ ਰਖਣਾ ਚਾਹੇਗੀ ਬਸ਼ਰਤੇ ਪਾਕਿਸਤਾਨ ਦਾ ਰੁਖ ਵੀ ਅਜਿਹਾ ਹੋਵੇ।
ਇਸ ਗੱਲਬਾਤ ਦੌਰਾਨ ਮਿਰਜ਼ਾ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਫ਼ੌਜ ਜੰਮੂ ਸੈਕਟਰ 'ਚ ਪਾਕਿਸਤਾਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਜਦਕਿ ਭਾਰਤੀ ਡੀ.ਜੀ.ਐਮ.ਓ. ਨੇ ਅਪਣੇ ਜਵਾਬ 'ਚ ਇਸ ਗੱਲ ਉਤੇ ਜ਼ੋਰ ਦਿਤਾ ਕਿ ਜੰਮੂ ਸੈਕਟਰ 'ਚ ਗੋਲੀਬੰਦੀ ਦੀ ਉਲੰਘਣਾ ਦੀਆਂ ਸਾਰੀਆਂ ਘਟਨਾਵਾਂ ਪਾਕਿਸਤਾਨੀ ਰੇਂਜਰਸ ਵਲੋਂ ਸ਼ੁਰੂ ਕੀਤੀਆਂ ਗਈਆਂ ਅਤੇ ਉਥੇ ਤੈਨਾਤ ਬੀ.ਐਸ.ਐਫ਼. ਦੇ ਜਵਾਨਾਂ ਨੇ ਸਿਰਫ਼ ਉਨ੍ਹਾਂ ਦਾ ਢੁਕਵਾਂ ਜਵਾਬ ਦਿਤਾ।
ਅਪਣੇ ਬਿਆਨ 'ਚ ਜ਼ਮੀਨੀ ਫ਼ੌਜ ਨੇ ਕਿਹਾ ਕਿ ਇਸ ਗੱਲ ਉਤੇ ਵੀ ਜ਼ੋਰ ਦਿਤਾ ਗਿਆ ਕਿ ਭਾਰਤੀ ਫ਼ੌਜੀਆਂ ਵਲੋਂ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੋਈ ਗੋਲੀਬਾਰੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਅਜਿਹੇ ਹਥਿਆਰਬੰਦ ਘੁਸਪੈਠੀਆਂ ਉਤੇ ਬੀ.ਐਸ.ਐਫ਼. ਜਵਾਨਾਂ ਵਲੋਂ ਫ਼ਾਈਰਿੰਗ ਕੀਤੀ ਗਈ ਜੋ ਅੰਮ੍ਰਿਤਸਰ ਸਰਹੱਦ ਕੋਲ ਪਾਕਿਸਤਾਨੀ ਚੌਕੀਆਂ ਦੇ ਨੇੜੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ।
ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਕੋਲ ਪਾਕਿਸਤਾਨੀ ਫ਼ੌਜੀਆਂ ਵਲੋਂ ਗੋਲੀਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ 'ਚ ਵਾਧਾ ਵੇਖਿਆ ਗਿਆ ਹੈ ਅਤੇ ਭਾਰਤੀ ਜ਼ਮੀਨੀ ਫ਼ੌਜ ਪਾਕਿਸਤਾਨ ਦੇ ਕਦਮਾਂ ਦਾ ਅਸਰਦਾਰ ਤਰੀਕੇ ਨਾਲ ਜਵਾਬ ਦੇ ਰਹੀ ਹੈ। (ਪੀਟੀਆਈ)