ਸਰਕਾਰ ਸਰਦ ਰੁੱਤ ਇਜਲਾਸ ਤੋਂ ਬਚ ਰਹੀ ਹੈ : ਸੋਨੀਆ ਸਰਕਾਰ ਨੂੰ ਸਵਾਲਾਂ ਦਾ ਜਵਾਬ ਦੇਣਾ ਪਵੇਗਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 20 ਨਵੰਬਰ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਮਜ਼ੋਰ ਆਧਾਰ 'ਤੇ ਸੰਸਦ ਦੇ ਸਰਦ ਰੁੱਤ ਇਜਲਾਸ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਨੂੰ ਸੰਬੋਧਿਤ ਕਰਦਿਆਂ ਸੋਨੀਆ ਨੇ ਇਹ ਦੋਸ਼ ਵੀ ਲਾਇਆ ਕਿ ਸਰਕਾਰ ਜੀਐਸਟੀ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਉਨ੍ਹਾਂ ਇਸ ਨੂੰ ਨੁਕਸਦਾਰ ਪ੍ਰਣਾਲੀ ਦਸਿਆ। ਸੋਨੀਆ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਪਰ ਗੁਜਰਾਤ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਸਵਾਲ-ਜਵਾਬ ਤੋਂ ਬਚਣ ਲਈ ਸਰਦ ਰੁੱਤ ਸੈਸ਼ਨ ਨੂੰ ਤੈਅ ਸਮੇਂ 'ਤੇ ਨਾ ਬੁਲਾ ਕੇ ਆਸਾਧਾਰਣ ਕਦਮ ਚੁਕਿਆ ਹੈ।' ਸੰਸਦ ਦਾ ਸਰਦ ਰੁੱਤ ਇਜਲਾਸ ਰਵਾਇਤੀ ਤੌਰ 'ਤੇ ਨਵੰਬਰ ਦੇ ਤੀਜੇ ਹਫ਼ਤੇ ਵਿਚ ਸ਼ੁਰੂ ਹੋ ਕੇ ਦਸੰਬਰ ਦੇ ਤੀਜੇ ਹਫ਼ਤੇ ਤਕ ਚਲਦਾ ਹੈ। ਸੂਤਰਾਂ ਅਨੁਸਾਰ ਸਰਕਾਰ ਸਿਰਫ਼ 10 

ਦਿਨ ਦਾ ਇਜਲਾਸ ਕਰਨ ਬਾਰੇ ਵਿਚਾਰ ਕਰ ਰਹੀ ਹੈ ਜਿਹੜਾ ਦਸੰਬਰ ਦੇ ਦੂਜੇ ਹਫ਼ਤੇ ਵਿਚ ਸ਼ੁਰੂ ਹੋ ਸਕਦਾ ਹੈ। ਕਾਂਗਰਸ ਪ੍ਰਧਾਨ ਨੇ ਨੋਟਬੰਦੀ ਬਾਬਤ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਇਸ ਕਦਮ ਨਾਲ ਲੱਖਾਂ ਲੋਕਾਂ ਨੇ ਪਰੇਸ਼ਾਨੀ ਝੱਲੀ। ਉਨ੍ਹਾਂ ਬੈਠਕ ਵਿਚ ਕਿਹਾ, 'ਮੋਦੀ ਸਰਕਾਰ ਨੇ ਅਪਣੇ ਹੰਕਾਰ ਕਾਰਨ ਭਾਰਤ ਦੇ ਸੰਸਦੀ ਲੋਕਤੰਤਰ 'ਤੇ ਕਾਲਾ ਧੱਬਾ ਲਾ ਦਿਤਾ ਹੈ। ਜੇ ਸਰਕਾਰ ਸੋਚਦੀ ਹੈ ਕਿ ਲੋਕਤੰਤਰ ਦੇ ਮੰਦਰ ਨੂੰ ਬੰਦ ਕਰ ਕੇ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਵਿਧਾਨਕ ਫ਼ਰਜ਼ਾਂ ਤੋਂ ਬਚ ਜਾਵੇਗੀ ਤਾਂ ਉਹ ਗ਼ਲਤ ਹੈ। ਸੰਸਦ ਦੇ ਮੰਚ 'ਤੇ ਸਵਾਲ ਪੁੱਛੇ ਜਾਣੇ ਚਾਹੀਦੇ ਹਨ। ਉੱਚੇ ਅਹੁਦਿਆਂ 'ਤੇ ਭ੍ਰਿਸ਼ਟਾਚਾਰ ਦੇ ਸਵਾਲ, ਮੰਤਰੀਆਂ ਦੇ ਹਿਤਾਂ ਦੇ ਸਵਾਲ ਅਤੇ ਸ਼ੱਕੀ ਰਖਿਆ ਸੌਦਿਆਂ ਦੇ ਸਵਾਲ।' ਸੋਨੀਆ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਪਰ ਗੁਜਰਾਤ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਸਵਾਲ-ਜਵਾਬ ਤੋਂ ਬਚਣ ਲਈ ਸਰਦ ਰੁੱਤ ਸੈਸ਼ਨ ਨੂੰ ਤੈਅ ਸਮੇਂ 'ਤੇ ਨਾ ਬੁਲਾ ਕੇ ਆਸਾਧਾਰਣ ਕਦਮ ਚੁਕਿਆ ਹੈ।'     (ਏਜੰਸੀ)