ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿਪਣੀ ਅਤੇ 2ਜੀ ਦੇ ਮਸਲਿਆਂ 'ਤੇ ਅੱਜ ਲੋਕ ਸਭਾ ਤੇ ਰਾਜ ਸਭਾ ਵਿਚ ਕਾਫ਼ੀ ਖੱਪਖ਼ਾਨਾ ਪਿਆ। ਲੋਕ ਸਭਾ ਵਿਚੋਂ ਕਾਂਗਰਸ ਦੇ ਮੈਂਬਰਾਂ ਨੇ ਵਾਕਆਊਟ ਕਰ ਦਿਤਾ।
ਕਾਂਗਰਸ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਕੋਲ ਜਾ ਕੇ ਨਾਹਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮਾਫ਼ੀ ਮੰਗਣ ਜਾਂ ਸਪੱਸ਼ਟੀਕਰਨ ਦੇਣ। ਸਿਫ਼ਰ ਕਾਲ ਸ਼ੁਰੂ ਹੋਣ 'ਤੇ ਅਪਣੀ ਗੱਲ ਰੱਖਣ ਦਾ ਮੌਕਾ ਨਾ ਦੇਣ 'ਤੇ ਕਾਂਗਰਸ ਮੈਂਬਰਾਂ ਨੇ ਸਦਨ ਵਿਚੋਂ ਵਾਕਆਊਟ ਕਰ ਦਿਤਾ। ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਸਮੇਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਦੁਬਈ ਵਿਚ ਹੋਈਆਂ ਪੈਰਾ ਉਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਜ਼ਿਕਰ ਕੀਤਾ।
ਬੈਠਕ ਸ਼ੁਰੂ ਹੋਣ ਦੇ ਮਹਿਜ਼ ਕੁੱਝ ਹੀ ਮਿੰਟਾਂ ਅੰਦਰ ਬੈਠਕ ਨੂੰ 27 ਦਸੰਬਰ ਤਕ ਲਈ ਉਠਾ ਦਿਤਾ ਗਿਆ। ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਕੁੱਝ ਸਮੇਂ ਬਾਅਦ ਹੀ ਗ਼ੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਦੀ ਟਿਪਣੀ ਦਾ ਮਾਮਲਾ ਚੁੱਕ ਲਿਆ। ਉਨ੍ਹਾਂ ਕਿਹਾ ਕਿ ਅੜਿੱਕਾ ਦੂਰ ਕਰਨ ਲਈ ਬਣਾਈ ਗਈ ਕਮੇਟੀ ਦੀ ਸਿਰਫ਼ ਇਕ ਬੈਠਕ ਹੋਈ ਹੈ। ਜਦ ਕਾਂਗਰਸ ਮੈਂਬਰ ਰੌਲਾ ਪੈਣ ਲੱਗ ਪਏ ਅਤੇ ਮਾਫ਼ੀ ਦੀ ਮੰਗ ਕਰਨ ਲੱਗ ਪਏ ਤਾਂ ਸਭਾਪਤੀ ਵੈਂਕਇਆ ਨਾਇਡੂ ਨੇ ਸਦਨ ਦੀ ਕਾਰਵਾਈ 27 ਦਸੰਬਰ ਤੱਕ ਮੁਲਤਵੀ ਕਰ ਦਿਤੀ।