ਨਵੀਂ ਦਿੱਲੀ, 7 ਮਾਰਚ: ਸੰਸਦ ਦੇ ਦੋਹਾਂ ਸਦਨਾਂ ਵਿਚ ਤੀਜੇ ਦਿਨ ਵੀ ਰੇੜਕਾ ਜਾਰੀ ਰਿਹਾ। ਦੋਹਾਂ ਸਦਨਾਂ ਵਿਚ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਨਹੀਂ ਹੋ ਸਕਿਆ। ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕਈ ਵਾਰ ਰੁਕੀ ਅਤੇ ਆਖ਼ਰ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਦੋਹਾਂ ਸਦਨਾਂ ਵਿਚ ਲਗਭਗ ਇਕੋ ਜਿਹਾ ਨਜ਼ਾਰ ਦਿਸਿਆ। ਪੰਜਾਬ ਨੈਸ਼ਨਲ ਬੈਂਕ ਨਾਲ ਹੋਈ ਧੋਖਾਧੜੀ, ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਨੂੰ ਲਾਗੂ ਕਰਨ ਅਤੇ ਕਾਵੇਰੀ ਮੁੱਦੇ ਸਮੇਤ ਕਈ ਹੋਰ ਮਸਲਿਆਂ 'ਤੇ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਅੱਜ ਸ਼ੁਰੂ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ ਗਈ।