ਲੋਕ ਸਭਾ ਸਪੀਕਰ ਨੇ ਸਦਨ ਦੇ ਆਗੂਆਂ ਦੀ ਬੈਠਕ ਸੱਦੀ
ਨਵੀਂ ਦਿੱਲੀ, 27 ਜਨਵਰੀ: ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸੰਸਦ ਦੇ ਬਜਟ ਇਜਲਾਸ ਤੋਂ ਪਹਿਲਾਂ ਐਤਵਾਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਇਕ ਬੈਠਕ ਸੱਦੀ ਹੈ। ਬਜਟ ਇਜਲਾਸ 'ਚ ਤਿੰਨ ਤਲਾਕ ਬਿਲ ਅਤੇ ਹੋਰ ਪਿਛੜੀਆਂ ਜਾਤਾਂ ਕਮਿਸ਼ਨ ਨੂੰ ਸੰਵਿਧਾਨਕ ਦਰਜ ਦੇਣ ਸਮੇਤ ਸਮੇਤ ਵੱਖੋ-ਵੱਖ ਮੁੱਦਿਆਂ 'ਤੇ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਟਕਰਾਅ ਹੋਣ ਦਾ ਸ਼ੱਕ ਹੈ। ਇਹ ਦੋਵੇਂ ਹੀ ਬਿਲ ਸਰਕਾਰ ਲਈ ਬਹੁਤ ਮਹੱਤਵਪੂਰਨ ਹਨ। ਸਰਕਾਰ ਨੇ ਵੀ ਕਲ ਅਜਿਹੀ ਬੈਠਕ ਸੱਦੀ ਹੈ ਜਿੱਥੇ ਪ੍ਰਧਾਨ ਮੰਤਰੀ ਅਤੇ ਸਿਖਰਲੇ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਮੁੱਦਿਆਂ 'ਤੇ ਅਪਣੀ ਗੱਲ ਰੱਖ ਸਕਦੇ ਹਨ ਜੋ ਸਦਨ 'ਚ ਚੁੱਕੇ ਜਾ ਸਕਦੇ ਹਨ।
ਇਸ ਇਜਲਾਸ ਦਾ ਪਹਿਲਾ ਗੇੜ 29 ਜਨਵਰੀ ਤੋਂ 9 ਫ਼ਰਵਰੀ ਤਕ ਚੱਲੇਗਾ। ਇਸ ਦੌਰਾਨ ਸਰਕਾਰ 29 ਜਨਵਰੀ ਨੂੰ ਆਰਥਕ ਸਰਵੇਖਣ ਪੇਸ਼ ਕਰੇਗੀ ਅ ਤੇ ਫਿਰ ਇਕ ਫ਼ਰਵਰੀ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ। ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਆਖ਼ਰੀ ਪੂਰਨ ਬਜਟ ਪੇਸ਼ ਕੀਤੇ ਜਾਣ ਦੇ ਮੱਦੇਨਜ਼ਰ ਅਜਿਹੀ ਉਮੀਦ ਹੈ ਕਿ ਇਸ 'ਚ ਮਜ਼ਬੂਤ ਸਿਆਸੀ ਝਲਕ ਦਿਸੇਗੀ। 9 ਫ਼ਰਵਰੀ ਨੂੰ ਅੱਧੀ ਛੁੱਟੀ ਤੋਂ ਬਾਅਦ ਫਿਰ 5 ਮਾਰਚ ਨੂੰ ਬਜਟ ਇਜਲਾਸ ਦਾ ਦੂਜਾ ਗੇੜ ਸ਼ੁਰੂ ਹੋਵੇਗਾ ਜੋ ਛੇ ਅਪ੍ਰੈਲ ਤਕ ਚੱਲੇਗਾ। (ਪੀਟੀਆਈ)