ਸੰਸਦ ਮੈਂਬਰਾਂ ਦੇ ਰੌਲੇ ਕਾਰਨ ਪੰਜਵੇਂ ਦਿਨ ਵੀ ਕੋਈ ਕੰਮ ਨਾ ਹੋਇਆ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 9 ਮਾਰਚ : ਸੰਸਦ ਦੇ ਦੋਹਾਂ ਸਦਨਾਂ ਵਿਚ ਪੰਜਵੇਂ ਦਿਨ ਵੀ ਰੌਲਾ-ਰੱਪਾ ਪੈਂਦਾ ਰਿਹਾ। ਦੋਹਾਂ ਸਦਨਾਂ ਵਿਚ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਨਹੀਂ ਹੋ ਸਕਿਆ। ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪੂਰੇ ਹਫ਼ਤੇ ਨਹੀਂ ਚੱਲੀ। ਅੱਜ ਵੀ ਹੇਠਲੇ ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਹੋਣ ਮਗਰੋਂ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਰਾਜ ਸਭਾ ਵਿਚ ਵੀ ਲਗਭਗ ਇਹੋ ਜਿਹਾ ਨਜ਼ਾਰਾ ਦਿਸਿਆ। ਸੰਸਦ ਦਾ ਪੂਰਾ ਹਫ਼ਤਾ ਹੀ ਹੰਗਾਮੇ ਦੀ ਭੇਟ ਚੜ੍ਹ ਗਿਆ। ਪੰਜਾਬ ਨੈਸ਼ਨਲ ਬੈਂਕ ਧੋਖਾਧੜੀ, ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਨੂੰ ਲਾਗੂ ਕਰਨ ਅਤੇ ਕਾਵੇਰੀ ਮੁੱਦੇ ਸਮੇਤ ਕਈ ਹੋਰ ਮਸਲਿਆਂ 'ਤੇ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਅੱਜ ਸ਼ੁਰੂ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ ਗਈ। ਰੌਲੇ ਵਿਚ ਹੀ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਜ਼ਰੂਰੀ ਕਾਗ਼ਜ਼ ਸਭਾਸਥਾਨ 'ਤੇ ਰਖਵਾਏ। ਇਸ ਤੋਂ ਪਹਿਲਾਂ ਉਨ੍ਹਾਂ ਸੰਸਦ ਮੈਂਬਰਾਂ ਨੂੰ ਕੋਰੀਆ ਦੇ ਸੰਸਦੀ ਵਫ਼ਦ ਦੇ ਸਦਨ ਦੀ ਗੈਲਰੀ ਵਿਚ ਮੌਜੂਦ ਹੋਣ ਬਾਰੇ ਦਸਿਆ। ਜਿਉਂ ਹੀ ਪ੍ਰਸ਼ਨ ਕਾਲ ਸ਼ੁਰੂ ਕਰਨ ਲਈ ਕਿਹਾ ਗਿਆ ਤਾਂ ਰੌਲਾ ਸ਼ੁਰੂ ਹੋ ਗਿਆ।