ਸੰਸਦੀ ਕਮੇਟੀ ਨੇ ਰੇਲ ਹਾਦਸਿਆਂ ਬਾਰੇ ਰੇਲ ਅਧਿਕਾਰੀ ਬੁਲਾਏ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 28 ਅਕਤੂਬਰ: ਹਾਲ ਹੀ 'ਚ ਹੋਈਆਂ ਰੇਲ ਦੁਰਘਟਨਾਵਾਂ ਅਤੇ ਮੁੰਬਈ ਵਿਖੇ ਰੇਲਵੇ ਪੁਲ 'ਤੇ ਹੋਈਆਂ ਮੌਤਾਂ ਸਬੰਧੀ ਸੰਸਦੀ ਕਮੇਟੀ ਨੇ ਰੇਲਵੇ ਅਧਿਕਾਰੀਆਂ ਨੂੰ ਬੁਲਾਇਆ ਹੈ। ਸੰਸਦੀ ਸਥਾਈ ਕਮੇਟੀ ਸਾਹਮਣੇ ਰੇਲਵੇ ਅਧਿਕਾਰੀਆਂ ਨੂੰ 9 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਰੇਲਵੇ ਅਧਿਕਾਰੀ ਸੰਸਦੀ ਕਮੇਟੀ ਨੂੰ ਰੇਲਵੇ ਵਿਭਾਗ ਵਲੋਂ ਰੇਲਗੱਡੀਆਂ ਦੀ ਸੁਰੱਖਿਆ ਲਈ ਅਤੇ ਪੁਲਾਂ ਆਦਿ ਦੀ ਮੁਰੰਮਤ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦੇਣਗੇ। ਸੰਸਦੀ ਕਮੇਟੀ ਨੇ ਕਿਹਾ ਹੈ ਕਿ ਰੇਲਵੇ ਦੇਸ਼ ਦੀ ਜੀਵਨ ਰੇਖਾ ਹੈ ਅਤੇ ਗ਼ਰੀਬ ਵਿਅਕਤੀਆਂ ਲਈ ਆਵਾਜਾਈ ਦਾ ਸਸਤਾ ਸਾਧਨ ਹੈ।

 ਸੋ ਇਸ ਦੀ ਸੁਰੱਖਿਆ ਸੱਭ ਤੋਂ ਜ਼ਰੂਰੀ ਹੈ ਤੇ ਇਸੇ ਕਰ ਕੇ ਰੇਲਵੇ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ। ਸੰਸਦੀ ਕਮੇਟੀ, ਰੇਲਵੇ ਅਧਿਕਾਰੀਆਂ ਨੂੰ ਹਾਲ ਹੀ 'ਚ ਹੋਈਆਂ ਦੁਰਘਟਨਾਵਾਂ ਦੇ ਕਾਰਨਾਂ ਬਾਰੇ ਪੁੱਛੇਗੀ।ਥੋੜਾ ਸਮਾਂ ਪਹਿਲਾਂ ਰੇਲਵੇ ਬੋਰਡ ਨੇ ਇਕ ਚਿੱਠੀ ਲਿਖ ਕੇ ਰੇਲਵੇ ਬ੍ਰਿਜਾਂ ਦੀ ਸੰਭਾਲ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ 275 ਅਜਿਹੇ ਪੁਲ ਹਨ ਜਿਨ੍ਹਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਅਤੇ ਇਨ੍ਹਾਂ ਵਿਚੋਂ ਸਿਰਫ਼ 23 ਉਤੇ ਰੇਲ ਗੱਡੀਆਂ ਦੀ ਗਤੀ 'ਤੇ ਰੋਕਾਂ ਲਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਗਤੀ 'ਤੇ ਰੋਕ ਲਗਣੀ ਜ਼ਰੂਰੀ ਹੁੰਦੀ ਹੈ ਜਦ ਰੇਲ ਲਾਈਨਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੋਵੇ। ਜੇ ਅਜਿਹੀ ਰੋਕ ਨਹੀਂ ਲੱਗੇਗੀ ਤਾਂ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਰੇਲਵੇ ਬੋਰਡ ਨੇ ਸਾਰੇ ਰੇਲਵੇ ਬ੍ਰਿਜਾਂ ਦੀ ਸੰਭਾਲ ਦਾ ਜਾਇਜ਼ਾ ਲੈਣ ਦਾ ਹੁਕਮ ਜਾਰੀ ਕੀਤਾ ਹੈ।                                                                                                                                                                                            (ਏਜੰਸੀ)