'ਸੰਤ' ਦੀ ਉਪਾਧੀ ਵਾਸਤੇ ਨੀਯਮ ਬਣਾਉਣ ਦਾ ਫ਼ੈਸਲਾ

ਖ਼ਬਰਾਂ, ਰਾਸ਼ਟਰੀ




ਨਵੀਂ ਦਿੱਲੀ, 10 ਸਤੰਬਰ : ਸਰਬ ਭਾਰਤੀ ਅਖਾੜਾ ਮੰਡਲ ਨੇ 'ਸੰਤ' ਦੀ ਉਪਾਧੀ ਦੇਣ ਵਾਸਤੇ ਪ੍ਰਕਿਰਿਆ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ ਤਾਕਿ ਸੌਦਾ ਸਾਧ ਵਰਗੇ ਲੋਕ ਇਸ ਦੀ ਗ਼ਲਤ ਵਰਤੋਂ ਨਾ ਕਰ ਸਕਣ।

ਵਿਸ਼ਵ ਹਿੰਦੂ ਮੰਡਲ ਦੇ ਜਨਰਲ ਸਕੱਤਰ ਸੁਰਿੰਦਰ ਜੈਨ ਨੇ ਕਿਹਾ ਕਿ ਸੰਤਾਂ ਨੂੰ ਲਗਦਾ ਹੈ ਕਿ ਇਕ ਜਾਂ ਦੋ ਧਾਰਮਕ ਆਗੂਆਂ ਦੇ ਗ਼ਲਤ ਕੰਮਾਂ ਕਰ ਕੇ ਪੂਰੇ ਭਾਈਚਾਰੇ ਦੀ ਬਦਨਾਮੀ ਹੋ ਰਹੀ ਹੈ। ਜੈਨ ਨੇ ਕਿਹਾ, ''ਸਰਬ ਭਾਰਤੀ ਅਖਾੜਾ ਮੰਡਲ ਦਾ ਮੰਨਣਾ ਹੈ ਕਿ 'ਸੰਤ' ਪਦਵੀ ਦੀ ਗ਼ਲਤ ਵਰਤੋਂ ਕੀਤੀ ਜਾ ਰਹੀ ਹੈ, ਇਸ ਕਰ ਕੇ ਮੰਡਲ ਨੇ ਇਸ ਪਦਵੀ ਵਾਸਤੇ ਇਕ ਪ੍ਰਕਿਰਿਆ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਤੋਂ ਕਿਸੇ ਵਿਅਕਤੀ ਨੂੰ ਜਾਂਚਣ-ਪਰਖਣ ਤੋਂ ਬਾਅਦ ਹੀ ਇਹ ਪਦਵੀ ਦਿਤੀ ਜਾਵੇਗੀ।' ਉਨ੍ਹਾਂ ਕਿਹਾ ਕਿ ਇਹ ਪਦਵੀ ਦੇਣ ਤੋਂ ਪਹਿਲਾਂ ਅਖਾੜਾ ਮੰਡਲ ਇਹ ਵੀ ਵੇਖੇਗਾ ਕਿ ਬੰਦੇ ਦੀ ਜੀਵਨ ਸ਼ੈਲੀ ਕਿਸ ਤਰ੍ਹਾਂ ਦੀ ਹੈ। ਅਖਾੜਾ ਮੰਡਲ ਦੇ ਅਹਿਮ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਇਹ ਫ਼ੈਸਲਾ ਕੀਤਾ ਹੈ ਕਿ ਸੰਤ ਕੋਲ ਨਕਦੀ ਅਤੇ ਉਸ ਦੇ ਨਾਂ ਕੋਈ ਵੀ ਜਾਇਦਾਦ ਨਹੀਂ ਹੋਵੇਗੀ।

ਪ੍ਰਧਾਨ ਨੇ ਕਿਹਾ,'' ਜਾਇਦਾਦ ਅਤੇ ਨਕਦੀ ਵਰਗੀਆਂ ਸਾਰੀਆਂ ਚੀਜ਼ਾਂ ਟਰੱਸਟ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਨੂੰ ਵੱਡੇ ਪੱਧਰ 'ਤੇ ਲੋਕਾਂ ਦੇ ਕਲਿਆਣ ਵਾਸਤੇ ਹੀ ਵਰਤਿਆ ਜਾਣਾ ਚਾਹੀਦਾ ਹੈ।'' ਜੈਨ ਨੇ ਕਿਹਾ ਲੋਕਾਂ ਨੂੰ ਕਿਸੇ ਦਾ ਚੇਲਾ ਬਣਨ ਤੋਂ ਪਹਿਲਾਂ ਉਸ ਦੀ ਨੀਅਤ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਸਰਬ ਭਾਰਤੀ ਅਖਾੜਾ ਮੰਡਲ 14 ਅਖਾੜਿਆ ਦਾ ਸੁਮੇਲ ਹੈ ਜਿਸ ਵਿਚ ਨਿਰਮੋਹੀ ਅਖਾੜਾ ਵੀ ਸ਼ਾਮਲ ਹੈ ਜੋ ਰਾਮ ਜਨਮਭੂਮੀ ਅੰਦੋਲਨ ਦਾ ਚਿਹਰਾ ਹੈ।       (ਏਜੰਸੀ)