ਸੱਤ ਸਾਲਾ ਸਕੂਲੀ ਬੱਚੇ ਦੀ ਹਤਿਆ ਮਾਪਿਆਂ ਵਲੋਂ ਪ੍ਰਦਰਸ਼ਨ, ਪ੍ਰਿੰਸੀਪਲ ਮੁਅੱਤਲ

ਖ਼ਬਰਾਂ, ਰਾਸ਼ਟਰੀ

ਗੁੜਗਾÀਂ, 9 ਸਤੰਬਰ: ਸਥਾਨਕ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾ ਦੇ ਵਿਦਿਆਰਥੀ ਦੀ ਹਤਿਆ ਦੀ ਘਟਨਾ ਤੋਂ ਇਕ ਦਿਨ ਬਾਅਦ ਸਕੂਲ ਦੀ ਪ੍ਰਿੰਸੀਪਲ ਨੂੰ ਮੁਅੱਤਲ ਕਰ ਕੇ ਬਾਕੀ ਦੇ ਕਾਮਿਆਂ ਨੂੰ ਕੰਮ ਤੋਂ ਕੱਢ ਦਿਤਾ ਗਿਆ ਹੈ।

ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਨਾਰਾਜ਼ ਮਾਪੇ ਅਤੇ ਸਥਾਨਕ ਲੋਕਾਂ ਨੇ ਸਕੂਲ ਦੇ ਬਾਹਰ ਇਕੱਠੇ ਹੋ ਕੇ ਦੋ ਘੰਟਿਆਂ ਲਈ ਰੋਸ ਪ੍ਰਦਰਸ਼ਨ ਕੀਤਾ ਅਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ। ਉਨ੍ਹਾਂ ਪੁਲਿਸ ਦੁਆਰਾ ਕੀਤੀ ਜਾ ਰਹੀ ਪੜਤਾਲ 'ਤੇ ਅਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਵਿਦਿਆਰਥੀ ਦੀ ਹਤਿਆ ਦੇ ਮਾਮਲੇ ਵਿਚ ਸਕੂਲ ਪ੍ਰਬੰਧਕ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਹੈ।

ਜ਼ਿਲ੍ਹਾ ਲੋਕ-ਸੰਪਰਕ ਅਧਿਕਾਰੀ ਆਰ.ਐਸ.ਸਾਂਗਵਾਨ ਨੇ ਦਸਿਆ ਕਿ ਰਿਆਨ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕ ਨੇ ਪ੍ਰਿੰਸੀਪਲ ਨੀਰਜਾ ਬੱਤਰਾ ਨੂੰ ਹਟਾਉਂਦਿਆਂ, ਬਾਕੀ ਦੇ ਕਾਮਿਆਂ ਨੂੰ ਵੀ ਕੰਮ ਤੋਂ ਕੱਢ ਦਿਤਾ ਹੈ। ਬੱਸ ਕੰਡਕਟਰ ਅਸ਼ੋਕ ਕੁਆਰ ਨੇ ਦੂਜੀ ਜਮਾਤ ਦੇ ਵਿਦਿਆਰਥੀ ਨਾਲ ਬਲਾਤਕਾਰ ਤੋਂ ਬਾਅਦ ਉਸ ਨੂੰ ਗਲਾ ਘੋਟ ਕੇ ਮਾਰ ਦਿਤਾ ਸੀ। ਇਸ ਘਟਨਾ ਦੇ ਕੁੱਝ ਘੰਟਿਆਂ ਬਾਅਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਧਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਹਰਿਆਣਾ ਦੇ ਸਾਰੇ ਸਕੂਲਾਂ ਵਿਚ ਸੁਰੱਖਿਆ ਮਜ਼ਬੂਤ ਕੀਤੀ ਜਾਵੇਗੀ। ਉਨ੍ਹਾਂ ਰਾਜ ਦੇ ਸਾਰੇ ਸਕੂਲਾਂ ਵਿਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਦੇ ਹੁਕਮ ਦਿਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਚ ਪਤਾ ਲੱਗਾ ਹੈ ਕਿ ਬੱਸ ਕੰਡਕਟਰ ਅਪਰਾਧ ਵਿਚ ਸ਼ਾਮਲ ਸੀ। ਜੇ ਸਕੂਲ ਦੀ ਸੁਰੱਖਿਆ ਏਜੰਸੀ ਦੀ ਕੁਤਾਹੀ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਵੇਗੀ। ਖੱਟਰ ਨੇ ਕਿਹਾ, 'ਜੇ ਮਾਮਲੇ ਦੇ ਸਾਰੇ ਤੱਥ ਸਾਹਮਣੇ ਆ ਗਏ ਤਾਂ ਹੋਰ ਕਿਸੇ ਜਾਂਚ ਦੀ ਲੋੜ ਨਹੀਂ ਪਵੇਗੀ।' ਉਨ੍ਹਾਂ ਇਹ ਗੱਲ ਮੁੰਡੇ ਦੇ ਮਾਪਿਆਂ ਦੁਆਰਾ ਸੀਬੀਆਈ ਕੋਲੋਂ ਜਾਂਚ ਕਰਾਏ ਜਾਣ ਦੀ ਮੰਗ ਬਾਰੇ ਪੁੱਛੇ ਜਾਣ 'ਤੇ ਕਹੀ। ਹਰਿਆਣਾ ਦੇ ਮੁੱਖ ਮੰਤਰੀ ਰਾਵ ਨਰਵੀਰ ਸਿੰਘ ਮ੍ਰਿਤਕ ਦੇ ਪਰਵਾਰ ਨੂੰ ਮਿਲਣ ਅੱਜ ਉਨ੍ਹਾਂ ਦੇ ਘਰ ਪਹੁੰਚੇ।
ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੇ ਜ਼ਿਲ੍ਹੇ ਦੀ ਸਿਖਿਆ ਅਫ਼ਸਰ ਨੀਲਮ ਭੰਡਾਰੀ ਨੂੰ ਇਸ ਮਾਮਲੇ ਦਾ ਵੇਰਵਾ ਦੇਣ ਨੂੰ ਕਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਪੋਸਟਮਾਰਟਮ ਤੋਂ ਬਾਅਦ ਵਿਦਿਆਰਥੀ ਦੀ ਲਾਸ਼ ਉਸ ਦੇ ਪਿਤਾ ਨੂੰ ਦੇ ਦਿਤੀ ਗਈ ਹੈ। ਵਿਦਿਆਰਥੀ ਦਾ ਪਿਤਾ ਗੁੜਗਾਉਂ ਦੀ ਨਿਜੀ ਕੰਪਨੀ ਵਿਚ ਬਤੌਰ ਮੈਨੇਜਰ ਕੰਮ ਕਰਦਾ ਹੈ।      (ਏਜੰਸੀ)