ਬਰਨਾਲਾ, 29 ਅਗੱਸਤ (ਜਗਸੀਰ ਸਿੰਘ ਸੰਧੂ):
ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਮਿਲਣ ਮਗਰੋਂ ਜੇਲ ਵਿਚ ਬੰਦ
ਸੌਦਾ ਸਾਧ ਨੇ ਬੀਤੀ ਰਾਤ ਖਾਣਾ ਨਾ ਖਾਧਾ। ਜੇਲ ਦੇ ਅਧਿਕਾਰੀ ਨੇ ਦਸਿਆ ਕਿ 50 ਸਾਲਾ
ਆਪੇ ਬਣੇ ਸੰਤ ਨੇ ਬੀਤੀ ਰਾਤ ਥੋੜਾ ਪਾਣੀ ਪੀਤਾ ਸੀ ਅਤੇ ਸਵੇਰੇ ਦੁਧ ਲਿਆ। ਉਸ ਨੇ ਕਿਸੇ
ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਜੇਲ ਵਿਚ ਇਧਰ-ਉਧਰ ਚਹਿਲਕਦਮੀ ਕਰਦੇ ਵੇਖਿਆ
ਗਿਆ।
ਜੇਲ ਸੂਤਰਾਂ ਨੇ ਦਸਿਆ ਕਿ ਸੌਦਾ ਸਾਧ ਨੂੰ ਜੇਲ ਵਿਚ ਮਾਲੀ ਦਾ ਕੰਮ ਕਰਨਾ
ਪਵੇਗਾ ਅਤੇ ਉਸ ਨੂੰ 40 ਰੁਪਏ ਰੋਜ਼ਾਨਾ ਦਿਹਾੜੀ ਮਿਲੇਗੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ
ਕਲ ਉਸ ਨੂੰ ਸਜ਼ਾ ਸੁਣਾਈ ਸੀ।
ਸੌਦਾ ਸਾਧ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼
ਵਿਚ 20 ਸਾਲ ਦੀ ਕੈਦ ਹੋਣ ਤੋਂ ਬਾਅਦ ਵੀ ਸੌਦਾ ਸਾਧ ਦੇ ਕਾਫ਼ਲੇ 'ਚ ਖ਼ਤਰਨਾਕ ਹਥਿਆਰ ਮਿਲਣ
ਦੇ ਬਾਵਜੂਦ ਵੀ ਫ਼ੌਜ ਵਲੋਂ ਅਜੇ ਤਕ ਡੇਰਾ ਸਿਰਸਾ ਦੀ ਤਲਾਸ਼ੀ ਨਾ ਕਰਨਾ, ਡੇਰੇ ਵਿਚ ਸੌਦਾ
ਸਾਧ ਦੇ ਪਰਵਾਰ ਦਾ ਅਲੱਗ ਥਲੱਗ ਪੈਣਾ, ਗੱਦੀ ਨੂੰ ਲੈ ਕੇ ਚਲ ਰਹੀ ਕਸ਼ਮਕਸ਼ ਅਤੇ ਸੌਦਾ
ਸਾਧ ਨੂੰ ਸਜ਼ਾ ਸੁਣਾਏ ਜਾਣ ਤੋਂ ਐਨ ਪਹਿਲਾਂ ਡੇਰਾ ਸਿਰਸਾ ਵਿਚੋਂ ਬਾਹਰ ਲਿਜਾ ਕੇ ਫੂਕੀਆਂ
ਗਈਆਂ ਦੋ ਗੱਡੀਆਂ ਅਤੇ ਸੀ.ਬੀ.ਆਈ ਦੇ ਵਕੀਲਾਂ ਵਲੋਂ ਸਿਰਸਾ ਵਿਚ ਫੂਕੀਆਂ ਇਨ੍ਹਾਂ
ਗੱਡੀਆਂ ਦਾ ਜ਼ਿਕਰ ਸਜ਼ਾ ਸੁਣਾ ਰਹੇ ਜੱਜ ਜਗਦੀਪ ਸਿੰਘ ਦੀ ਅਦਾਲਤ ਵਿਚ ਕਰਨਾ, ਕਈ ਤਰ੍ਹਾਂ
ਨਵੇਂ ਸ਼ੰਕਿਆਂ ਨੂੰ ਜਨਮ ਦੇ ਰਿਹਾ ਹੈ ਕਿ ਡੇਰਾ ਸਿਰਸਾ ਵਿਚ ਬਹੁਤ ਕੁੱਝ ਅਜਿਹਾ ਚਲ ਰਿਹਾ
ਹੈ ਜਿਸ ਦਾ ਅਸਲੀ ਰੂਪ ਕੁੱਝ ਦਿਨਾਂ ਵਿਚ ਦੇਖਣ ਨੂੰ ਮਿਲੇਗਾ।
ਸੀ.ਬੀ.ਆਈ ਦੀ
ਪੰਚਕੂਲਾ ਅਦਾਲਤ ਵਲੋਂ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਜਿਥੇ ਸੌਦਾ
ਸਾਧ ਨੂੰ ਪੁਲਿਸ ਦੀ ਹਿਰਾਸਤ ਵਿਚੋਂ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ, ਉਥੇ ਪੰਚਕੂਲਾ ਸ਼ਹਿਰ
ਵਿਚ ਪੁਹੰਚੀਆਂ ਸੌਦਾ ਸਾਧ ਦੇ ਕਾਫ਼ਲੇ ਵਿਚਲੀਆਂ ਗੱਡੀਆਂ ਵਿਚੋਂ ਮਿਲੇ ਭਾਰੀ ਅਸਲੇ ਨੇ
ਡੇਰੇ ਸਿਰਸਾ ਦੇ ਅੰਦਰਲੇ ਵੱਡੇ ਹਥਿਆਰਬੰਦ ਅੱਡੇ ਦੀ ਤਸਵੀਰ ਦੀ ਇਕ ਝਲਕ ਸੁਰੱਖਿਆ
ਫ਼ੋਰਸਾਂ ਨੂੰ ਦਿਖਾ ਦਿਤੀ ਸੀ, ਪਰ ਅਜੇ ਤਕ ਡੇਰਾ ਸਿਰਸਾ ਦੀ ਤਲਾਸ਼ੀ ਕਿਉਂ ਨਹੀਂ ਲਈ ਗਈ
ਜਾਂ ਫੇਰ ਜੇਕਰ ਤਲਾਸ਼ੀ ਲਈ ਗਈ ਹੈ ਤਾਂ ਉਸ ਨੂੰ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ?
ਸੁਰੱਖਿਆ ਫ਼ੋਰਸਾਂ ਅਤੇ ਮੀਡੀਆ ਦੇ ਹਵਾਲੇ ਨਾਲ ਪੰਚਕੂਲਾ ਵਿਚ ਫ਼ੈਸਲੇ ਦੀ ਤਰੀਕ 'ਤੇ ਸੌਦਾ
ਸਾਧ ਦੇ ਕਾਫ਼ਲੇ ਵਿਚ ਪੁਹੰਚੀਆਂ ਗੱਡੀਆਂ ਵਿਚੋਂ ਪਟਰੌਲ ਬੰਬ, ਹੋਰ ਜਲਣਸ਼ੀਲ ਸਮੱਗਰੀ ਤੇ
ਮਾਰੂ ਹਥਿਆਰ ਸਮੇਤ ਇਕ ਮਸ਼ੀਨਗੰਨ ਅਤੇ ਕੁੱਝ ਏ. ਕੇ 47 ਰਾਈਫ਼ਲਾਂ ਪੁਲਿਸ ਦੇ ਹੱਥ ਲੱਗਣ
ਦੀਆਂ
ਖ਼ਬਰਾਂ ਵੀ ਆਈਆਂ ਸਨ। ਸੌਦਾ ਸਾਧ ਦੇ ਕਾਫ਼ਲੇ ਵਿਚ ਆਏ ਉਸ ਦੇ
ਹਥਿਆਰਬੰਦ ਸਾਥੀਆਂ ਦੀ ਜਿਥੇ ਸਜ਼ਾ ਹੋਣ ਤੋਂ ਬਾਅਦ ਉਸ ਨੂੰ ਪੁਲਿਸ ਦੀ ਹਿਰਾਸਤ ਵਿਚ
ਛੁਡਵਾਉਣ ਦੀ ਯੋਜਨਾ ਸੀ, ਉਥੇ ਪੰਚਕੂਲਾ ਸਮੇਤ ਅਪਣੇ ਪ੍ਰਭਾਵ ਵਾਲੇ ਖੇਤਰਾਂ ਵਿਚ ਵੱਡੀ
ਪੱਧਰ 'ਤੇ ਅੱਗਜ਼ਨੀ ਅਤੇ ਹਿੰਸਾ ਕਰਨ ਦੀ ਵੀ ਸਕੀਮ ਸੀ। ਭਾਵੇਂ ਪੁਲਿਸ ਅਤੇ ਸੁਰੱਖਿਆ
ਫ਼ੋਰਸਾਂ ਦੀ ਮੁਸਤੈਦੀ ਕਰ ਕੇ ਉਹ ਅਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ, ਪਰ ਇਹ ਵੀ
ਸੱਚ ਹੈ ਕਿ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਪੁਲਿਸ ਦੇ ਹੱਥ ਆਈਆਂ ਗੱਡੀਆਂ ਛੱਡ ਕੇ ਉਥੋਂ
ਖਿਸਕਣ ਵਿਚ ਕਾਮਯਾਬ ਵੀ ਹੋ ਗਏ ਹਨ। ਇਸ ਉਪਰੰਤ ਭਾਵੇਂ ਪੰਜਾਬ ਅਤੇ ਹਰਿਆਣਾ ਵਿਚ ਸੌਦਾ
ਸਾਧ ਦੇ ਡੇਰਿਆਂ ਨੂੰ ਪੁਲਿਸ ਨੇ ਅਪਣੇ ਕਬਜ਼ੇ ਵਿਚ ਲੈ ਕੇ ਤਲਾਸ਼ੀਆਂ ਕੀਤੀਆਂ ਅਤੇ ਉਥੋਂ
ਮਿਲੇ ਮਾਰੂ ਹਥਿਆਰਾਂ ਸਬੰਧੀ ਮੁਕੱਦਮੇ ਵੀ ਦਰਜ ਕੀਤੇ ਹਨ, ਪਰ ਸੁਰੱਖਿਆ ਫ਼ੋਰਸਾਂ ਅਤੇ
ਫ਼ੌਜ ਵਲੋਂ ਮੁੱਖ ਡੇਰਾ ਸਿਰਸਾ ਦੀ ਅਜੇ ਤਲਾਸ਼ੀ ਨਹੀਂ ਲਈ, ਜਿਥੇ ਸੌਦਾ ਸਾਧ ਆਪ ਰਹਿੰਦਾ
ਸੀ।
ਹੁਣ ਸਵਾਲ ਇਹ ਵੀ ਉਠਦਾ ਹੈ ਕਿ ਜਦੋਂ ਸੌਦਾ ਸਾਧ ਦੇ ਕਾਫ਼ਲੇ ਵਿਚੋਂ ਇੰਨੇ
ਖ਼ਤਰਨਾਕ ਹਥਿਆਰ ਮਿਲ ਸਕਦੇ ਹਨ ਤਾਂ ਸੌਦਾ ਸਾਧ ਦੇ ਡੇਰੇ ਵਿਚ ਕਿਹੋ ਜਿਹਾ ਸਮਾਨ ਹੋ ਸਕਦਾ
ਹੈ? ਉਧਰ ਦੂਸਰੇ ਪਾਸੇ ਜਦੋਂ 28 ਅਗੱਸਤ ਨੂੰ ਸੁਨਾਰੀਆ ਜੇਲ ਵਿਚ ਸੌਦਾ ਸਾਧ ਨੂੰ ਸੀ.
ਬੀ. ਆਈ ਦੇ ਜੱਜ ਜਗਦੀਪ ਸਿੰਘ ਵਲੋਂ ਸਜ਼ਾ ਸੁਣਾਈ ਜਾ ਰਹੀ ਤਾਂ ਇਧਰ ਸਿਰਸਾ ਦੇ ਪਿੰਡ
ਫੂਲਕਾ ਵਿਖੇ ਪ੍ਰਤੱਖ ਦਰਸ਼ੀਆਂ ਮੁਤਾਬਕ ਸੌਦਾ ਸਾਧ ਦੇ ਡੇਰਾ ਸਿਰਸਾ ਵਿਚੋਂ ਨਿਕਲੀਆਂ ਦੋ
ਗੱਡੀਆਂ ਵਿਚੋਂ ਇਕ ਗੱਡੀ ਨੂੰ ਕਾਰ ਸਵਾਰ ਲੋਕਾਂ ਨੇ ਅੱਗ ਲਗਾ ਕੇ ਫੂਕ ਦਿਤਾ ਅਤੇ ਆਪ
ਦੂਸਰੀ ਗੱਡੀ ਵਿਚ ਬੈਠ ਕੇ ਮੁੜ ਡੇਰਾ ਸਿਰਸਾ ਅੰਦਰ ਹੀ ਚਲੇ ਗਏ। ਕਮਾਲ ਦੀ ਗੱਲ ਇਹ ਰਹੀ
ਕਿ ਸਿਰਸਾ ਵਿਚ ਫੂਕੀਆਂ ਇਨ੍ਹਾਂ ਗੱਡੀਆਂ ਦਾ ਜ਼ਿਕਰ ਸੀ.ਬੀ.ਆਈ ਦੇ ਵਕੀਲਾਂ ਵਲੋਂ
ਸੁਨਾਰੀਆ ਜੇਲ ਵਿਚ ਜੱਜ ਜਗਦੀਪ ਸਿੰਘ ਅਦਾਲਤ ਵਿਚ ਉਸ ਸਮੇਂ ਕੀਤਾ ਗਿਆ ਜਦੋਂ ਉਹ ਸੌਦਾ
ਸਾਧ ਨੂੰ ਕੈਦ ਦੀ ਸਜ਼ਾ ਸੁਣਾਉਣ ਲੱਗੇ ਸਨ। ਇਹ ਸਾਰੀ ਘਟਨਾ ਸਵਾਲ ਪੈਦਾ ਕਰਦੀ ਹੈ ਕਿ ਕੀ
ਡੇਰਾ ਸਿਰਸਾ ਅੰਦਰੋਂ ਹੀ ਸੌਦਾ ਸਾਧ ਦੀ ਸਜ਼ਾ ਨੂੰ ਹੋਰ ਸਖ਼ਤ ਕਰਨ ਹਿਤ ਅਜਿਹੀ ਕਾਰਵਾਈ
ਨੂੰ ਅੰਜ਼ਾਮ ਦਿਤਾ ਗਿਆ।
ਅਜਿਹੀਆਂ ਖ਼ਬਰਾਂ ਮਿਲ ਰਹੀਆਂ ਹਨ ਕਿ ਸੌਦਾ ਸਾਧ ਦੀ ਮਾਂ
ਨਸੀਬ ਕੌਰ ਵਲੋਂ ਬੀਤੀ ਰਾਤ ਅਪਣੇ ਪੋਤੇ ਭਾਵ ਸੌਦਾ ਸਾਧ ਦੇ ਲੜਕੇ ਜਸਮੀਤ ਸਿੰਘ ਨੂੰ
ਗੱਦੀ ਦਾ ਅਗਲਾ ਵਾਰਸ ਐਲਾਨ ਦਿਤਾ ਸੀ, ਪਰ ਅਜਿਹੀਆਂ ਵੀ ਖ਼ਬਰਾਂ ਮਿਲ ਰਹੀਆਂ ਹਨ ਕਿ ਸੌਦਾ
ਸਾਧ ਦੀ ਮਾਂ ਨਸੀਬ ਕੌਰ ਅਤੇ ਸੌਦਾ ਸਾਧ ਦੀ ਪਤਨੀ ਹਰਜੀਤ ਕੌਰ ਡੇਰਾ ਸਿਰਸਾ ਨੂੰ ਛੱਡ
ਕੇ ਰਾਜਸਥਾਨ ਵਿਚ ਅਪਣੇ ਜੱਦੀ ਪਿੰਡ ਗੁਰੂਸਰ ਮੋੜੀਆਂ ਚਲੀਆਂ ਗਈਆਂ ਹਨ। ਇਹ ਵੀ ਪਤਾ
ਲੱਗਾ ਹੈ ਕਿ ਡੇਰਾ ਸਿਰਸਾ ਵਿਚ ਕੁੱਝ ਹੀ ਸਾਲਾਂ ਵਿਚ ਦੂਸਰੀ ਨੰਬਰ 'ਤੇ ਪੁਹੰਚੀ ਬੀਬੀ
ਵਿਪਾਸਨਾ ਬ੍ਰਹਮਚਾਰੀ ਵਲੋਂ ਬੀਤੇ ਦਿਨ ਡੇਰਾ ਸਿਰਸਾ ਵਿਚ ਇੱਕਤਰ ਹੋਈ ਸੰਗਤ ਨੂੰ ਸੰਬੋਧਨ
ਕੀਤਾ ਗਿਆ ਹੈ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਸਦੀਆਂ ਹਨ ਕਿ ਡੇਰਾ ਸਿਰਸਾ ਅੰਦਰ ਸੌਦਾ
ਸਾਧ ਦੀ ਗ਼ੈਰ ਹਾਜ਼ਰੀ ਵਿਚ ਗੱਦੀ ਨੂੰ ਲੈ ਕੇ ਕਸ਼ਮਕਸ਼ ਚਲ ਰਹੀ ਹੈ ਅਤੇ ਡੇਰੇ ਵਿਚਲਾ ਇਕ
ਵੱਡਾ ਗਰੁਪ ਸੌਦਾ ਸਾਧ ਦੇ ਪਰਵਾਰ 'ਤੇ ਹਾਵੀ ਹੋ ਰਿਹਾ ਹੈ। ਸ਼ਾਇਦ ਭਾਜਪਾ ਅਤੇ ਆਰ.ਐਸ.ਐਸ
ਦੀ ਮਦਦ ਨਾਲ ਡੇਰੇ 'ਤੇ ਕਾਬਜ਼ ਹੋ ਇਸ ਵੱਡੇ ਗਰੁਪ ਨੂੰ ਸਥਾਪਤ ਕਰਨ ਹਿਤ ਹੀ ਸੁਰੱਖਿਆ
ਫ਼ੋਰਸਾਂ ਜਾਂ ਫ਼ੌਜ ਵਲੋਂ ਅਜੇ ਤਕ ਡੇਰਾ ਸਿਰਸਾ ਦੀ ਤਲਾਸ਼ੀ ਨਹੀਂ ਲਈ ਗਈ ਜਾਂ ਫਿਰ ਜੇਕਰ
ਤਲਾਸ਼ੀ ਲਈ ਗਈ ਤਾਂ ਉਸ ਨੂੰ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ?