ਸੌਦਾ ਸਾਧ ਦੇ ਡੇਰੇ 'ਚ ਦੋ ਗੁਪਤ ਸੁਰੰਗਾਂ ਮਿਲੀਆਂ

ਖ਼ਬਰਾਂ, ਰਾਸ਼ਟਰੀ


ਸਿਰਸਾ, 9 ਸਤੰਬਰ : ਸੌਦਾ ਸਾਧ ਦੇ ਡੇਰੇ ਵਿਚ ਦੋ ਗੁਪਤ ਸੁਰੰਗਾਂ ਮਿਲੀਆਂ ਹਨ ਜਿਨ੍ਹਾਂ ਵਿਚੋਂ ਇਕ ਸੁਰੰਗ ਸੌਦਾ ਸਾਧ ਦੀ ਰਿਹਾਇਸ਼ ਨੂੰ ਸਾਧਵੀਆਂ ਦੇ ਹੋਸਟਲ ਨਾਲ ਜੋੜਦੀ ਹੈ। ਤਾਕੀ ਦੀ ਸ਼ਕਲ ਵਰਗੀ ਗੁਪਤ ਸੁਰੰਗ ਸੌਦਾ ਸਾਧ ਦੀ ਗੁਫ਼ਾ ਨੂੰ ਸਾਧਵੀਆਂ ਦੇ ਹੋਸਟਲ ਨਾਲ ਜੋੜਦੀ ਹੈ। ਦੂਜੀ ਫ਼ਾਈਬਰ ਸੁਰੰਗ ਸੌਦਾ ਸਾਧ ਦੀ ਗੁਫ਼ਾ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਪੈਂਦੀ ਹੈ। ਡੇਰੇ ਵਿਚ ਅਲੱਗ ਹੀ ਸ਼ਹਿਰ ਵਸਿਆ ਹੋਇਆ ਹੈ ਜਿਸ ਵਿਚ ਸਕੂਲ, ਖੇਡ ਪਿੰਡ, ਹਸਪਤਾਲ, ਸ਼ਾਪਿੰਗ ਮਾਲ ਅਤੇ ਸਿਨਮਾ ਹਾਲ ਹੈ। ਇਥੇ ਸੱਤ ਸਿਤਾਰਾ ਐਮਐਸਜੀ ਰਿਜ਼ਾਰਟ ਵੀ ਹੈ ।

ਸੂਬੇ ਦੇ ਜਨ ਸੰਪਰਕ ਵਿਭਾਗ ਦੇ ਉਪ ਨਿਰਦੇਸ਼ਕ ਸਤੀਸ਼ ਮਹਿਰਾ ਨੇ ਦਸਿਆ, 'ਤਲਾਸ਼ੀ ਦੌਰਾਨ ਫ਼ਾਈਬਰ ਸੁਰੰਗ ਦਾ ਵੀ ਪਤਾ ਲੱਗਾ ਹੈ। ਫ਼ਾਈਬਰ ਸੁਰੰਗ ਵਿਚ ਚਿੱਕੜ ਭਰਿਆ ਹੋਇਆ ਸੀ।  ਡੇਰੇ ਅੰਦਰ ਪਟਾਕਾ ਫ਼ੈਕਟਰੀ ਵੀ ਮਿਲੀ ਹੈ। ਪਟਾਕਿਆਂ ਦੀਆਂ 84 ਪੇਟੀਆਂ, ਜੁੱਤੀਆਂ ਦੇ ਸੈਂਕੜੇ ਜੋੜੇ, ਡਿਜ਼ਾਇਨਰ ਸੂਟ ਅਤੇ ਟੋਪੀਆਂ ਜਿਹਾ ਸਮਾਨ ਵੀ ਮਿਲਿਆ ਹੈ। ਸਤੀਸ਼ ਮਹਿਰਾ ਨੇ ਦਸਿਆ, ' ਇਸ ਤੋਂ ਇਲਾਵਾ ਪਟਾਕਾ ਫ਼ੈਕਟਰੀ ਅਤੇ ਰਸਾਇਣ ਵੀ ਮਿਲੇ ਹਨ। ਸੌਦਾ ਸਾਧ ਦੇ ਡੇਰੇ ਦੀ ਤਲਾਸ਼ੀ ਲਈ ਜਾਰੀ ਮੁਹਿੰਮ ਦੇ ਦੂਜੇ ਦਿਨ ਅੱਜ ਡੇਰੇ

ਅੰਦਰ ਪਟਾਕੇ ਬਣਾਉਣ ਵਾਲਾ ਨਾਜਾਇਜ਼ ਕਾਰਖ਼ਾਨਾ ਮਿਲਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ 'ਤੇ ਕਲ ਸ਼ੁਰੂ ਹੋਈ ਤਲਾਸ਼ੀ ਮੁਹਿੰਮ ਵਿਚ ਪੁਲਿਸ, ਨੀਮ ਫ਼ੌਜੀ ਬਲ ਅਤੇ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਲੱਗੇ ਹੋਏ ਹਨ। ਉਨ੍ਹਾਂ ਦਸਿਆ ਕਿ ਉਥੋਂ ਪਟਾਕੇ ਬਣਾਉਣ ਲਈ ਵਰਤੀ ਜਾਣ ਵਾਲੀ ਵਿਸਫੋਟਕ ਸਮੱਗਰੀ ਵੀ ਮਿਲੀ ਹੈ। ਕਾਰਖ਼ਾਨੇ ਨੂੰ ਸੀਲ ਕਰ ਦਿਤਾ ਗਿਆ ਹੈ। ਤਲਾਸ਼ੀ ਮੁਹਿੰਮ ਦੇ ਪਹਿਲੇ ਦਿਨ ਉਸ ਗੁਫ਼ਾ ਦੀ ਵੀ ਫ਼ਾਰੈਂਸਿਕ ਜਾਂਚ ਕੀਤੀ ਗਈ ਜਿਸ ਦੀ ਵਰਤੋਂ ਸੌਦਾ ਸਾਧ ਕੁੜੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਲਈ ਕਰਦਾ ਸੀ।

ਕਲ ਡੇਰੇ ਅੰਦਰ ਲਗਜ਼ਰੀ ਕਾਰ ਅਤੇ ਬੰਦ ਹੋ ਚੁੱਕੇ ਕਰੰਸੀ ਨੋਟ ਵੀ ਮਿਲੇ ਸਨ। ਕਲ ਇਹ ਮੁਹਿੰਮ 12 ਘੰਟੇ ਚੱਲੀ ਸੀ ਅਤੇ ਕਈ ਕਮਰਿਆਂ ਨੂੰ ਸੀਲ ਕਰ ਦਿਤਾ ਗਿਆ ਸੀ। ਤਲਾਸ਼ੀ ਮੁਹਿੰਮ ਦੀ ਨਿਗਰਾਨੀ ਸੇਵਾਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਏ ਕੇ ਐਸ ਪਵਾਰ ਕਰ ਰਹੇ ਹਨ ਅਤੇ ਪੂਰੀ ਕਵਾਇਦ ਦੀ ਵੀਡੀਉਗ੍ਰਾਫ਼ੀ ਕੀਤੀ ਜਾ ਰਹੀ ਹੈ। ਪਵਾਰ ਨੂੰ ਹਾਈ ਕੋਰਟ ਨੇ ਮੰਗਲਵਾਰ ਨੂੰ ਇਸ ਕੰਮ ਵਾਸਤੇ 'ਕੋਰਟ ਕਮਿਸ਼ਨਰ' ਨਿਯੁਕਤ ਕੀਤਾ ਸੀ। (ਏਜੰਸੀ)