ਸੌਦਾ ਸਾਧ ਦੇ ਡੇਰੇ ਦੀ ਤਲਾਸ਼ੀ ਦਾ ਕੰਮ ਖ਼ਤਮ

ਖ਼ਬਰਾਂ, ਰਾਸ਼ਟਰੀ



ਸਿਰਸਾ, 10 ਸਤੰਬਰ : ਸੌਦਾ ਸਾਧ ਦੇ ਡੇਰੇ ਦੀ ਤਲਾਸ਼ੀ ਲੈਣ ਦੀ ਮੁਹਿੰਮ ਅੱਜ ਖ਼ਤਮ ਹੋ ਗਈ। ਹੁਣ ਪੂਰੀ ਤਲਾਸ਼ੀ ਮੁਹਿੰਮ ਬਾਰੇ ਅਦਾਲਤ ਵਿਚ ਸੀਲਬੰਦ ਲਿਫ਼ਾਫ਼ੇ ਵਿਚ ਰੀਪੋਰਟ ਪੇਸ਼ ਕੀਤੀ ਜਾਵੇਗੀ। ਪੂਰੀ ਮੁਹਿੰਮ ਦੌਰਾਨ ਡੇਰੇ ਅੰਦਰੋਂ ਬਹੁਤ ਕੁੱਝ ਮਿਲਿਆ ਹੈ ਜਿਸ ਵਿਚ ਮੁੱਖ ਤੌਰ 'ਤੇ ਸੌਦਾ ਸਾਧ ਦੀ ਬਹੁਚਰਚਿਤ ਗੁਫ਼ਾ, ਦੋ ਸੁਰੰਗਾਂ, ਪਟਾਕਾ ਕਾਰਖ਼ਾਨਾ, ਲਗਜ਼ਰੀ ਕਾਰ, ਹਥਿਆਰ ਆਦਿ ਸ਼ਾਮਲ ਹਨ।

    ਮੰਨਿਆ ਜਾ ਰਿਹਾ ਹੈ ਕਿ ਤਲਾਸ਼ੀ ਮੁਹਿੰਮ ਵਿਚ ਦੇਰ ਹੋ ਜਾਣ ਕਾਰਨ ਡੇਰੇ ਵਿਚੋਂ ਕਾਫ਼ੀ ਸਬੂਤ ਖ਼ਤਮ ਕਰ ਦਿਤੇ ਗਏ ਅਤੇ
ਇਤਰਾਜ਼ਯੋਗ ਸਮਾਨ ਪਹਿਲਾਂ ਹੀ ਬਾਹਰ ਪਹੁੰਚਾ ਦਿਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸੌਦਾ ਸਾਧ ਨੂੰ ਸਜ਼ਾ ਹੋਣ ਤੋਂ ਤੁਰਤ ਬਾਅਦ ਤਲਾਸ਼ੀ ਨਾ ਹੋਣ ਕਾਰਨ ਡੇਰੇ ਵਿਚੋਂ ਕਾਫ਼ੀ ਕੀਮਤੀ ਅਤੇ ਇਤਰਾਜ਼ਯੋਗ ਸਮਾਨ ਬਾਹਰ ਪਹੁੰਚਾ ਦਿਤਾ ਗਿਆ। ਹਾਈ ਕੋਰਟ ਦੇ ਹੁਕਮ ਮਗਰੋਂ ਹੀ ਕੁੱਝ ਦਿਨਾਂ ਬਾਅਦ ਤਲਾਸ਼ੀ ਲਈ ਗਈ ਜਿਹੜੀ ਤਿੰਨ ਦਿਨ ਬਾਅਦ ਅੱਜ ਖ਼ਤਮ ਹੋ ਗਈ। ਅੱਜ ਤੀਜੇ ਦਿਨ ਤਲਾਸ਼ੀ ਮੁਹਿੰਮ ਵਿਚ ਆਈਟੀ ਮਾਹਰਾਂ ਦੀ ਟੀਮ ਨੇ ਜਾਂਚ ਕੀਤੀ। ਅੰਤਮ ਦੌਰ ਵਿਚ ਡੇਰੇ ਦੇ ਦੋ ਸੈਕਟਰਾਂ ਵਿਚ ਤਲਾਸ਼ੀ ਕੀਤੀ ਗਈ ਅਤੇ ਰੈਸਟੋਰੈਂਟਾਂ ਦੀ ਵੀ ਤਲਾਸ਼ੀ ਲਈ ਗਈ। ਦਸਿਆ ਗਿਆ ਹੈ ਕਿ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ।

      ਜਨ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਦਸਿਆ ਕਿ ਡੇਰੇ ਵਿਚ ਤਿੰਨ ਦਿਨਾਂ ਤੋਂ ਚੱਲ ਰਹੀ ਤਲਾਸ਼ੀ ਮੁਹਿੰਮ ਖ਼ਤਮ ਹੋ ਗਈ ਹੈ। ਹੁਣ ਕੋਰਟ ਕਮਿਸ਼ਨਰ ਏ ਕੇ ਐਸ ਪਵਾਰ ਹਾਈ ਕੋਰਟ ਵਿਚ ਸੀਲਬੰਦ ਲਿਫ਼ਾਫ਼ੇ ਵਿਚ ਰੀਪੋਰਟ ਪੇਸ਼ ਕਰਨਗੇ। ਉਨ੍ਹਾਂ ਦਸਿਆ ਕਿ ਸਿਰਸਾ ਵਿਚ ਰੇਲ ਸੇਵਾ ਸੋਮਵਾਰ ਤੋਂ ਬਹਾਲ ਕਰ ਦਿਤੀ ਜਾਵੇਗੀ।

ਇੰਟਰਨੈਟ, ਮੋਬਾਈਲ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਵੀ ਸੋਮਵਾਰ ਤੋਂ ਬਹਾਲ ਕਰ ਦਿਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਕੋਰਟ ਕਮਿਸ਼ਨਰ ਨੇ ਡੇਰੇ ਦਾ ਦੌਰਾ ਕੀਤਾ ਅਤੇ ਪੂਰੀ ਤਲਾਸ਼ੀ ਮੁਹਿੰਮ ਦਾ ਨਿਰੀਖਣ ਕੀਤਾ। ਆਈਟੀ ਮਾਹਰਾਂ ਦੀ ਟੀਮ ਨੇ ਡੇਰੇ ਵਿਚੋਂ ਮਿਲੇ ਕੰਪਿਊਟਰਾਂ, ਲੈਪਟਾਪ ਅਤੇ ਹਾਰਡਡਿਸਕਾਂ ਦੀ ਜਾਂਚ ਕੀਤੀ। ਸੂਤਰਾਂ ਮੁਤਾਬਕ ਇਨ੍ਹਾਂ ਵਿਚ ਅਹਿਮ ਜਾਣਕਾਰੀਆਂ ਮਿਲੀਆਂ ਹਨ। ਜਾਂਚ ਦੇਰ ਸ਼ਾਮ ਛੇ ਵਜੇ ਤਕ ਜਾਰੀ ਰਹੀ। (ਏਜੰਸੀ)