ਸੌਦਾ ਸਾਧ ਦੀ 'ਪ੍ਰੇਮਣ' ਹਨੀਪ੍ਰੀਤ ਦੀ ਭਾਲ ਜ਼ੋਰਾਂ 'ਤੇ

ਖ਼ਬਰਾਂ, ਰਾਸ਼ਟਰੀ


ਚੰਡੀਗੜ੍ਹ, 18 ਸਤੰਬਰ : ਜੇਲ 'ਚ ਬੰਦ ਸੌਦਾ ਸਾਧ ਦੀ ਅਖੌਤੀ ਧੀ ਹਨੀਪ੍ਰੀਤ ਇੰਸਾਂ ਹਰਿਆਣਾ ਪੁਲਿਸ ਦੀ 43 ਲੋੜੀਂਦੇ ਵਿਅਕਤੀਆਂ ਦੀ ਸੂਚੀ 'ਚ ਸੱਭ ਤੋਂ ਉਪਰ ਹੈ। ਪੁਲਿਸ ਨੂੰ ਇਨ੍ਹਾਂ ਵਿਅਕਤੀਆਂ ਦੀ ਤਲਾਸ਼ ਸੌਦਾ ਸਾਧ ਨੂੰ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵਾਪਰੀਆਂ ਹਿੰਸਕ ਘਟਨਾਵਾਂ 'ਚ ਸ਼ਮੂਲੀਅਤ ਕੀਤੇ ਜਾਣ ਕਾਰਨ ਹੈ।

ਇਸ ਤੋਂ ਪਹਿਲਾਂ, ਹਨੀਪ੍ਰੀਤ ਇੰਸਾਂ ਅਤੇ ਡੇਰੇ ਦੇ ਬੁਲਾਰੇ ਅਦਿਤਿਆ ਇੰਸਾਂ ਵਿਰੁਧ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਨ੍ਹਾਂ ਦਾ ਨਾਮ ਵੀ 'ਵਾਂਟੇਡ' ਵਿਅਕਤੀਆਂ ਦੀ ਸੂਚੀ ਵਿਚ ਹੈ। ਪੁਲਿਸ ਨੇ ਕਿਹਾ ਕਿ ਇਸ 'ਵਾਂਟੇਡ' ਲਿਸਟ ਨੂੰ ਹਰਿਆਣਾ ਪੁਲਿਸ ਦੇ ਅਧਿਕਾਰਤ ਵੈੱਬ ਪੋਰਟਲ 'ਤੇ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਆਮ ਲੋਕਾਂ ਤੇ ਮੀਡੀਆ ਨੂੰ ਬੇਨਤੀ ਕੀਤੀ ਸੀ ਕਿ ਉਹ 25 ਅਗੱਸਤ ਨੂੰ ਪੰਚਕੂਲਾ ਵਿਚ ਵਾਪਰੀਆਂ ਹਿੰਸਕ ਘਟਲਾਵਾਂ ਦੀਆਂ ਤਸਵੀਰਾਂ ਅਤੇ ਵੀਡੀਉ ਪੁਲਿਸ ਨੂੰ ਭੇਜਣ।

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤਕ ਕਈ ਤਸਵੀਰਾਂ ਅਤੇ ਵੀਡੀਉ ਮਿਲੇ ਹਨ। ਇਨ੍ਹਾਂ ਵਿਚੋਂ 43 ਜਣਿਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਪੰਚਕੂਲਾ ਹਿੰਸਾ ਦੇ ਸਿਲਸਿਲੇ 'ਚ ਇਨ੍ਹਾਂ ਵਿਅਕਤੀਆਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ। ਹਿੰਸਾ ਕਾਰਨ 35 ਜਣੇ ਮਾਰੇ ਗਏ ਸਨ। ਸਿਰਸਾ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਵਿਚ ਛੇ ਜਣੇ ਮਾਰੇ ਗਏ ਸਨ।

'ਵਾਂਟੇਡ' ਲਿਸਟ ਵਿਚ ਹਨੀਪ੍ਰੀਤ ਇਕੋ-ਇਕ ਔਰਤ ਹੈ। ਹੋਰਨਾਂ ਮੁਲਜ਼ਮਾਂ ਵਿਚ ਜ਼ਿਆਦਾਤਰ ਨੌਜਵਾਨ ਹਨ ਅਤੇ ਇਨ੍ਹਾਂ ਵਿਚੋਂ ਵੀ ਕਈ ਜਣਿਆਂ ਨੂੰ ਹੱਥਾਂ ਵਿਚ ਲਾਠੀਆਂ ਲਈ ਵੇਖਿਆ ਜਾ ਸਕਦਾ ਹੈ। ਪੰਚਕੂਲਾ ਵਿਚ ਵਾਪਰੀ ਹਿੰਸਾ ਮਗਰੋਂ ਹਰਿਆਣਾਂ ਪੁਲਿਸ ਨੇ ਕਈ ਗ੍ਰਿਫ਼ਤਾਰੀਆਂ ਕੀਤੀਆਂ ਸਨ। ਇਨ੍ਹਾਂ ਵਿਚ ਸੌਦਾ ਸਾਧ ਦਾ ਸਾਥੀ ਤੇ ਬੁਲਾਰਾ ਦਿਲਾਵਰ ਇੰਸਾਂ ਸ਼ਾਮਲ ਹੈ। ਉਸ ਨੂੰ 15 ਸਤੰਬਰ ਨੂੰ ਸੋਨੀਪਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਡੇਰੇ ਦੇ ਦਫ਼ਤਰੀ ਅਹੁਦੇਦਾਰ ਪ੍ਰਦੀਪ ਗੋਇਲ ਇੰਸਾਂ ਨੂੰ ਹਰਿਆਣਾ ਪੁਲਿਸ ਦੀ ਐਸ.ਆਈ.ਟੀ. ਨੇ ਕਲ ਉਦੇਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮਨਬੀਰ ਸਿੰਘ ਨੇ ਕਿਹਾ ਸੀ ਕਿ ਅਦਿਤਿਆ ਇੰਸਾਂ ਦੇ ਰਿਸ਼ਤੇਦਾਰ ਪ੍ਰਕਾਸ਼ ਉਰਫ਼ ਵਿੱਕੀ ਨੂੰ ਕਲ ਮੋਹਾਲੀ ਤੋਂ ਫੜਿਆ ਗਿਆ। ਇਸ ਤੋਂ ਪਹਿਲਾਂ ਪੁਲਿਸ ਨੇ ਡੇਰੇ ਦੀ ਸੂਬਾ ਇਕਾਈ ਦੇ ਮੈਂਬਰ ਗੋਬਿੰਦ ਇੰਸਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

ਹਰਿਆਣਾ ਪੁਲਿਸ ਨੇ ਹਨੀਪ੍ਰੀਤ ਦੀ ਤਲਾਸ਼ ਲਈ ਨੇਪਾਲ ਦੀ ਸਰੱਹਦੀ ਸੀਮਾ ਲਖੀਮਪੁਰ ਖੀਰੀ, ਉੱਤਰ ਪ੍ਰਦੇਸ਼ ਵਿਚ ਵੀ ਇਕ ਟੀਮ ਭੇਜੀ ਸੀ। ਉੱਤਰਪ੍ਰਦੇਸ਼ ਪੁਲਿਸ ਅਧਿਕਾਰੀਆਂ ਨੇ ਕਿਹਾ ਸੀ ਕਿ ਹਨੀਪ੍ਰੀਤ ਦੀਆਂ ਤਸਵੀਰਾਂ ਨੇਪਾਲ ਨਾਲ ਲੱਗਣ ਵਾਲੇ ਪੁਲਿਸ ਥਾਣਿਆਂ 'ਚ ਲਗਾ ਦਿਤੀਆਂ ਗਈਆਂ ਹਨ।  (ਏਜੰਸੀ)