ਸੌਦਾ ਸਾਧ ਨੂੰ ਸੌਣ ਨਹੀਂ ਦਿੰਦੀ ਕਾਮ ਦੀ ਭੁੱਖ

ਖ਼ਬਰਾਂ, ਰਾਸ਼ਟਰੀ

ਰੋਹਤਕ, 11 ਸਤੰਬਰ : ਬਲਾਤਕਾਰ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਬਾਰੇ ਡਾਕਟਰਾਂ ਨੇ ਅਹਿਮ ਪ੍ਰਗਟਾਵਾ ਕੀਤਾ ਹੈ। ਰੋਹਤਕ ਜੇਲ ਵਿਚ ਸੌਦਾ ਸਾਧ ਦੀ ਜਾਂਚ ਕਰਨ ਆਏ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਉਹ ਕਾਮ-ਤ੍ਰਿਸ਼ਨਾ ਦਾ ਆਦੀ ਮਰੀਜ਼ ਹੈ। ਇਸੇ ਕਾਰਨ ਉਸ ਦੀ ਹਾਲਤ ਖ਼ਰਾਬ ਰਹਿੰਦੀ ਹੈ, ਉਹ ਬੇਚੈਨ ਰਹਿੰਦਾ ਹੈ ਅਤੇ ਉਸ ਨੂੰ ਨੀਂਦ ਨਹੀਂ ਆਉਂਦੀ।
ਡਾਕਟਰਾਂ ਮੁਤਾਬਕ ਉਸ ਨੂੰ ਇਲਾਜ ਦੀ ਲੋੜ ਹੈ। ਜਾਂਚ ਕਰਨ ਵਾਲੇ ਇਕ ਡਾਕਟਰ ਨੇ ਕਿਹਾ, 'ਗੁਰਮੀਤ ਅੰਨੇ ਕਾਮ ਦਾ ਆਦੀ ਹੈ। ਡੇਰਾ ਆਸ਼ਰਮ ਤੋਂ ਜੇਲ ਆਉਣ ਤੋਂ ਬਾਅਦ ਉਸ ਨੂੰ ਸਰੀਰਕ ਸੁੱਖ ਨਹੀਂ ਮਿਲਿਆ। ਇਸੇ ਕਾਰਨ ਉਹ ਬੇਚੈਨ ਰਹਿੰਦਾ ਹੈ। ਉਸ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਜੇ ਇਲਾਜ ਵਿਚ ਦੇਰ ਕੀਤੀ ਗਈ ਤਾਂ ਸਮੱਸਿਆ ਖੜੀ ਹੋ ਸਕਦੀ ਹੈ। ਉਸ ਨੂੰ ਇਲਾਜ ਦੀ ਸਖ਼ਤ ਲੋੜ ਹੈ।'
ਸੌਦਾ ਸਾਧ ਨੇ ਅਦਾਲਤ ਵਿਚ ਕਿਹਾ ਸੀ ਕਿ ਉਹ ਨਪੁੰਸਕ ਹੈ ਅਤੇ ਜਿਸਮਾਨੀ ਸਬੰਧ ਬਣਾਉਣ ਦੇ ਕਾਬਲ ਨਹੀਂ। ਸੌਦਾ ਸਾਧ ਦੇ ਸਾਬਕਾ ਸੇਵਾਦਾਰ ਖੱਟਾ ਸਿੰਘ ਨੇ ਦਾਅਵਾ ਕੀਤਾ ਸੀ ਕਿ ਸੌਦਾ ਸਾਧ ਸਰੀਰਕ ਸ਼ਕਤੀ ਵਧਾਉਣ ਲਈ ਟੌਨਿਕ ਲੈਂਦਾ ਹੈ ਤੇ ਉਸ ਨੇ ਡੇਰੇ ਵਿਚ ਖ਼ਾਸ ਵੈਦ ਵੀ ਰਖਿਆ ਹੋਇਆ ਸੀ ਜਿਹੜਾ ਉਸ ਨੂੰ ਦਵਾਈਆਂ ਬਣਾ ਕੇ ਦਿੰਦਾ ਸੀ। ਕੁੱਝ ਬੰਦੇ ਤਾਂ ਇਹ ਵੀ ਕਹਿੰਦੇ ਹਨ ਕਿ ਉਹ ਨਸ਼ਿਆਂ ਦੀ ਵੀ ਵਰਤੋਂ ਕਰਦਾ ਸੀ। 1988 ਤਕ ਉਸ ਨੂੰ ਸ਼ਰਾਬ ਦੀ ਵਰਤੋਂ ਕਰਦਾ ਵੇਖਿਆ ਗਿਆ।  ਜ਼ਿਕਰਯੋਗ ਹੈ ਕਿ ਸੌਦਾ ਸਾਧ ਨੂੰ ਦੋ ਸਾਧਵੀਆਂ ਦੇ ਬਲਾਤਕਾਰ ਦੇ ਦੋਸ਼ 'ਚ ਪਿਛਲੇ ਦਿਨੀਂ 20 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਇਸ ਵੇਲੇ ਰੋਹਤਕ ਦੀ ਜੇਲ ਵਿਚ ਬੰਦ ਹੈ। ਪਿਛਲੇ ਦਿਨੀਂ ਉਸ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਸ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਜੇਲ ਵਿਚ ਉਸ ਨੂੰ ਮਿਲਣ ਦੀ ਇਜਾਜ਼ਤ ਦਿਤੀ ਜਾਵੇ। ਹਨੀਪ੍ਰੀਤ ਇਸ ਸਮੇਂ ਫ਼ਰਾਰ ਹੈ ਅਤੇ ਉਸ ਵਿਰੁਧ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ। ਕਲ ਖ਼ਬਰ ਆਈ ਸੀ ਕਿ ਹਨੀਪ੍ਰੀਤ ਨੇਪਾਲ ਦੌੜ ਸਕਦੀ ਹੈ ਤੇ ਨੇਪਾਲ ਨਾਲ ਲਗਦੇ ਯੂਪੀ ਦੇ ਕੁੱਝ ਥਾਣਿਆਂ ਵਿਚ ਉਸ ਦੀ ਫ਼ੋਟੋ ਲਾ ਦਿਤੀ ਗਈ ਹੈ। ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਉਸ ਦੇ ਸ਼ਰਧਾਲੂਆਂ ਨੇ ਪੰਚਕੂਲਾ, ਹਿਸਾਰ ਅਤੇ ਹੋਰ ਥਾਈਂ ਸਾੜ-ਫੂਕ ਅਤੇ ਭੰਨਤੋੜ ਕੀਤੀ ਸੀ। ਪੰਚਕੂਲਾ ਅਤੇ ਹਿਸਾਰ ਵਿਚ ਗੋਲੀਬਾਰੀ ਦੌਰਾਨ 36 ਜਣਿਆਂ ਦੀ ਮੌਤ ਹੋ ਗਈ ਸੀ। (ਏਜੰਸੀ)