ਸੌਦਾ ਸਾਧ ਤੇ ਹਨੀਪ੍ਰੀਤ ਮੁੰਬਈ ਦੇ ਫ਼ਲੈਟ 'ਚ ਵੀ ਲੁਟਦੇ ਸਨ 'ਨਜ਼ਾਰੇ'

ਖ਼ਬਰਾਂ, ਰਾਸ਼ਟਰੀ

ਮੁੰਬਈ, 8 ਸਤੰਬਰ : ਸੌਦਾ ਸਾਧ ਜੇਲ ਵਿਚ ਵੀ ਹਨੀਪ੍ਰੀਤ ਨੂੰ ਮਿਲਣ ਲਈ ਬੇਚੈਨ ਹੈ। ਡੇਰੇ ਵਿਚ ਹਨੀਪ੍ਰੀਤ ਇਕੋ ਇਕ ਅਜਿਹੀ ਸ਼ਖ਼ਸ ਜਿਹੜੀ ਸੌਦਾ ਸਾਧ ਦੇ ਸੱਭ ਤੋਂ ਕਰੀਬ ਸੀ। ਖ਼ੁਫ਼ੀਆ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਦੀ ਹਤਿਆ ਹੋ ਸਕਦੀ ਹੈ ਕਿਉਂਕਿ ਉਹ ਸੌਦਾ ਸਾਧ ਦੇ ਕਈ ਰਾਜ਼ ਜਾਣਦੀ ਸੀ।

     ਉਧਰ, ਹਰਿਆਣਾ ਪੁਲਿਸ ਉਸ ਟਿਕਾਣੇ 'ਤੇ ਪਹੁੰਚ ਗਈ ਹੈ ਜਿਥੇ ਸੌਦਾ ਸਾਧ ਅਤੇ ਹਨੀਪ੍ਰੀਤ ਇਕੱਲੇ ਸਮਾਂ ਗੁਜ਼ਾਰਦੇ ਸਨ। ਹਨੀਪ੍ਰੀਤ ਸੌਦਾ ਸਾਧ ਦੀ ਹਰ ਛੋਟੀ ਵੱਡੀ ਲੋੜ ਦਾ ਖ਼ਿਆਲ ਰਖਦੀ ਸੀ। ਉਹ ਉਸ ਨਾਲ ਫ਼ਿਲਮਾਂ ਵਿਚ ਵੀ ਕੰਮ ਕਰਦੀ ਸੀ, ਗਾਣੇ ਲਿਖਦੀ ਸੀ ਅਤੇ ਜਨਤਕ ਸਮਾਗਮਾਂ ਵਿਚ ਵੀ ਉਸ ਨਾਲ ਹੁੰਦੀ ਸੀ। ਉਹ ਸੌਦਾ ਸਾਧ ਨਾਲ ਮੁੰਬਈ ਦੇ ਫ਼ਲੈਟ ਵਿਚ ਆਉਂਦੀ-ਜਾਂਦੀ ਸੀ। ਇਹ ਫ਼ਲੈਟ ਵੀ ਕੋਈ ਸਾਧਾਰਣ ਫ਼ਲੈਟ ਨਹੀਂ ਹੈ ਸਗੋਂ ਮੁੰਬਈ ਦੇ ਅਮੀਰ-ਤਰੀਨ ਇਲਾਕੇ ਜੁਹੂ ਬੀਚ ਦੇ ਕਰੀਬ ਸੀ-ਫ਼ੈਨਸਿੰਗ ਬਿਲਡਿੰਗ ਵਿਚ ਹੈ। ਪੁਲਿਸ ਨੇ ਇਹ ਫ਼ਲੈਟ ਲੱਭ ਲਿਆ ਹੈ। ਸੌਦਾ ਸਾਧ ਇਸ ਬਿਲਡਿੰਗ ਦੀ ਛੇਵੀਂ ਅਤੇ ਸਤਵੀਂ ਮੰਜ਼ਲ 'ਤੇ ਰਿਹਾ ਕਰਦਾ ਸੀ ਯਾਨੀ ਉਨ੍ਹਾਂ ਦੋ ਫ਼ਲੈਟ ਲਏ ਹੋਏ ਸਨ।

       ਸੂਤਰਾਂ ਮੁਤਾਬਕ ਹਨੀਪ੍ਰੀਤ ਅਕਸਰ ਇਸ ਫ਼ਲੈਟ ਵਿਚ ਆਉਂਦੀ ਸੀ। ਸੁਸਾਇਟੀ ਦੇ ਲੋਕਾਂ ਨੇ ਕੁੱਝ ਸਮਾਂ ਪਹਿਲਾਂ ਸੌਦਾ ਸਾਧ ਨੂੰ ਨੋਟਿਸ ਵੀ ਦਿਤਾ ਸੀ ਕਿਉਂਕਿ ਉਸ ਦੇ ਸੁਰੱਖਿਆ ਮੁਲਾਜ਼ਮਾਂ ਕਾਰਨ ਪਾਰਕਿੰਗ ਏਰੀਆ ਹਮੇਸ਼ਾ ਭਰਿਆ ਰਹਿੰਦਾ ਸੀ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ। ਸੁਸਾਇਟੀ ਦੇ ਗਾਰਡ ਨੇ ਦਸਿਆ ਕਿ ਉਹ ਅਕਸਰ  ਇਥੇ ਆਉਂਦੇ ਸਨ। ਪੂਰੀ ਥਾਂ ਉਨ੍ਹਾਂ ਦੇ ਗਾਰਡਾਂ ਨਾਲ ਭਰ ਜਾਂਦੀ ਸੀ। ਆਖ਼ਰੀ ਵਾਰ ਦੋਵੇਂ ਜਣੇ ਮਈ ਮਹੀਨੇ ਵਿਚ ਵਿਖਾਈ ਦਿਤੇ ਸਨ। ਉਦੋਂ ਉਨ੍ਹਾਂ ਦੀ ਫ਼ਿਲਮ ਜੱਟੂ ਇੰਜਨੀਅਰ ਦਾ ਪ੍ਰਚਾਰ ਚੱਲ ਰਿਹਾ ਸੀ। ਦਰਅਸਲ ਉਨ੍ਹਾਂ ਦੋ ਫ਼ਲੈਟ ਕਿਰਾਏ 'ਤੇ ਲਏ ਹੋਏ ਸਨ ਅਤੇ ਹੁਣ ਪੁਲਿਸ ਦੀ ਨਜ਼ਰ ਇਨ੍ਹਾਂ ਫ਼ਲੈਟਾਂ 'ਤੇ ਹੈ।  
(ਏਜੰਸੀ)