'ਸਵੱਛ ਭਾਰਤ' ਉਸ ਸਮੇਂ ਹੋਵੇਗਾ ਜਦੋਂ ਲੀਡਰਾਂ ਦੇ ਮਨ ਸਵੱਛ ਹੋਣਗੇ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਸਵੱਛ ਭਾਰਤ ਦਾ ਪੰਦਰਵਾੜਾ ਮਨਾਇਆ ਗਿਆ। ਉਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਇਆ ਗਿਆ। ਸਾਰੇ ਅਫ਼ਸਰ ਅਤੇ ਲੀਡਰ ਇਕ ਦਿਨ ਦੇ ਕੁੱਝ ਮਿੰਟਾਂ ਲਈ ਝਾੜੂ ਅਪਣੇ ਹੱਥਾਂ ਵਿਚ ਫੜ ਕੇ ਟੀ.ਵੀ. ਅਤੇ ਅਖ਼ਬਾਰਾਂ ਦੀਆਂ ਖ਼ਬਰਾਂ ਬਣ ਕੇ ਫਿਰ ਘਰਾਂ ਅਤੇ ਦਫ਼ਤਰਾਂ ਨੂੰ ਤੁਰ ਗਏ ਗੰਦ ਪਾਉਣ ਲਈ।

ਭਾਰਤੀ ਲੋਕਾਂ ਦੀ ਫ਼ਿਤਰਤ ਇਹ ਬਣ ਗਈ ਹੈ ਕਿ ਅਪਣੇ ਘਰ ਦਾ ਕੂੜਾ ਹੂੰਜ ਕੇ ਦੂਜੇ ਦੇ ਬੂਹੇ ਅੱਗੇ ਸੁੱਟ ਦੇਵੋ ਜਾਂ ਫਿਰ ਗਲੀ-ਬਾਜ਼ਾਰ ਵਿਚ ਢੇਰ ਲਾ ਦੇਵੋ। ਇਹ ਕੰਮ ਸ਼ਹਿਰਾਂ ਅਤੇ ਪਿੰਡਾਂ ਦੋਵੇਂ ਥਾਵਾਂ ਤੇ ਵੇਖਿਆ ਜਾਂਦਾ ਹੈ। ਇਹ ਲੋਕ ਕਿਸੇ ਵੀ ਕੀਮਤ ਤੇ ਅਪਣੇ ਘਰ ਦਾ ਚਾਰ ਚੁਫ਼ੇਰਾ ਸਾਫ਼ ਰੱਖਣ ਤੇ ਹੂੰਜਿਆ ਕੂੜਾ ਸਹੀ ਥਾਂ ਤੇ ਸੁੱਟਣ ਤੋਂ ਨਹੀਂ ਝਿਜਕਦੇ। ਸਰਕਾਰ ਨੇ ਆਪ ਤਾਂ ਸਫ਼ਾਈ ਕਰਨੀ ਨਹੀਂ ਹੁੰਦੀ। ਉਸ ਨੇ ਵੀ ਸਫ਼ਾਈ ਕਰਨ ਵਾਲੇ ਨੌਕਰ ਰੱਖੇ ਹੁੰਦੇ ਹਨ। ਉਹ ਵੀ ਖ਼ਾਸ ਥਾਵਾਂ ਦੀ ਸਫ਼ਾਈ ਕਰਦੇ ਹਨ। ਹਰ ਥਾਂ ਤੇ ਉਹ ਵੀ ਝਾੜੂ ਨਹੀਂ ਫੇਰਦੇ। ਮੈਂ ਵੀ ਕਮੇਟੀ ਦੀ ਹੱਦ ਵਿਚ ਹੀ ਰਹਿੰਦਾ ਹਾਂ। ਉਥੇ ਸਰਕਾਰੀ ਸਫ਼ਾਈ ਕਰਨ ਵਾਲੇ 26 ਜਨਵਰੀ ਅਤੇ 15 ਅਗੱਸਤ ਨੂੰ ਹੀ ਆਉਂਦੇ ਹਨ। ਉਸ ਤਰ੍ਹਾਂ ਅਸੀ ਵੀ ਸ਼ਹਿਰ ਵਿਚ ਰਹਿੰਦੇ ਹਾਂ। ਅਸੀ ਸੋਚਦੇ ਹਾਂ ਸਾਡਾ ਚਾਰ-ਚੁਫ਼ੇਰਾ ਵੀ ਸਰਕਾਰੀ ਨੌਕਰ ਸਾਫ਼ ਕਰ ਜਾਣ। ਜੇ ਅਸੀ ਆਪ ਨਾ ਸਾਫ਼ ਕਰੀਏ ਤਾਂ ਉਨ੍ਹਾਂ ਦੇ ਆਉਣ ਤਕ ਅਸੀ ਉਨ੍ਹਾਂ ਥਾਵਾਂ ਤੇ ਬੈਠ ਹੀ ਨਾ ਸਕੀਏ ਜਿਥੇ ਅਸੀ ਬੈਠੇ ਹੁੰਦੇ ਹਾਂ।