ਸੰਯੁਕਤ ਰਾਸ਼ਟਰ ਅਸੈਂਬਲੀ 'ਚ ਭਾਸ਼ਨ, ਪਾਕਿਸਤਾਨ ਨੂੰ ਘੇਰਿਆ ਭਾਰਤ ਨੇ ਵਿਗਿਆਨੀ ਤੇ ਪਾਕਿ ਨੇ ਅਤਿਵਾਦੀ ਪੈਦਾ ਕੀਤੇ : ਸੁਸ਼ਮਾ

ਖ਼ਬਰਾਂ, ਰਾਸ਼ਟਰੀ


ਸੰਯੁਕਤ ਰਾਸ਼ਟਰ, 23 ਸਤੰਬਰ : ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਅਸੈਂਬਲੀ ਨੂੰ ਸੰਬੋਧਤ ਕਰਦਿਆਂ ਪਾਕਿਸਤਾਨ ਨੂੰ  ਚੰਗੇ ਰਗੜੇ ਲਾਏ। ਉਨ੍ਹਾਂ ਪਾਕਿਸਤਾਨ ਨੂੰ ਘੇਰਦਿਆਂ ਕਿਹਾ ਕਿ ਭਾਰਤ ਦੀ ਪਛਾਣ ਆਈਟੀ ਸੁਪਰ ਪਾਵਰ ਵਜੋਂ ਹੈ ਜਦਕਿ ਪਾਕਿਸਤਾਨ ਦੀ ਪਛਾਣ ਦਹਿਸ਼ਤੀ ਮੁਲਕ ਵਜੋਂ ਹੋਈ ਹੈ। ਉਨ੍ਹਾਂ ਕਿਹਾ, 'ਅਸੀਂ ਆਈਟੀ, ਆਈਆਈਐਮ, ਏਮਜ਼ ਜਿਹੀਆਂ ਵਕਾਰੀ ਸੰਸਥਾਵਾਂ ਬਣਾਈਆਂ ਜਦਕਿ ਪਾਕਿਸਤਾਨ ਨੇ ਲਸ਼ਕਰ, ਹਿਜ਼ਬੁਲ ਅਤੇ ਹਕਾਨੀ ਨੈਟਵਰਕ ਜਿਹੇ ਦਹਿਸ਼ਤੀ ਧੜੇ ਪੈਦਾ ਕੀਤੇ।' ਉਨ੍ਹਾਂ ਪਾਕਿਸਤਾਨੀ ਆਗੂਆਂ ਨੂੰ ਅੰਤਰਝਾਤ ਮਾਰਨ ਲਈ ਕਿਹਾ ਕਿ ਭਾਰਤ ਨੂੰ ਵਿਸ਼ਵ ਆਈਟੀ ਸੁਪਰਪਾਵਰ ਵਜੋਂ ਜਾਣਿਆ ਜਾਂਦਾ ਹੈ ਜਦਕਿ ਪਾਕਿਸਤਾਨ 'ਅਤਿਵਾਦ ਦੀ ਦਰਾਮਦ ਫ਼ੈਕਟਰੀ' ਵਜੋਂ ਬਦਨਾਮ ਹੈ।

ਸਵਰਾਜ ਨੇ ਕਿਹਾ ਕਿ ਭਾਰਤ ਨੇ ਵਿਗਿਆਨੀ ਪੈਦਾ ਕੀਤੇ ਹਨ ਜਦਕਿ ਪਾਕਿਸਤਾਨ ਨੇ ਅਤਿਵਾਦੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ, 'ਭਾਰਤ ਨੇ ਵਿਕਾਸ ਨੂੰ ਅਪਣਾਇਆ ਹੈ ਜਦਕਿ ਪਾਕਿਸਤਾਨ ਨੇ ਜਿਹਾਦ ਅਪਣਾਇਆ ਹੈ। ਭਾਰਤ ਗ਼ਰੀਬੀ ਨਾਲ ਲੜ ਰਿਹਾ ਹੈ ਤੇ ਪਾਕਿਸਤਾਨ ਭਾਰਤ ਨਾਲ ਲੜ ਰਿਹਾ ਹੈ।' 72ਵੇਂ ਸੰਯੁਕਤ ਰਾਸ਼ਟਰ ਅਸੈਂਬਲੀ ਇਜਲਾਸ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਵੇਲੇ ਅਤਿਵਾਦੀ ਸੱਭ ਤੋਂ ਵੱਡੀ ਸਮੱਸਿਆ ਹੈ ਜਿਸ ਦੇ ਹੱਲ ਲਈ ਸੰਯੁਕਤ ਰਾਸ਼ਟਰ ਭਰਪੂਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਮਨੁੱਖਤਾ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਸ਼ਿਮਲਾ ਸਮਝੌਤੇ ਦਾ ਵੀ ਜ਼ਿਕਰ ਕੀਤਾ। (ਪੀਟੀਆਈ)