ਨਵੀਂ ਦਿੱਲੀ, 25 ਦਸੰਬਰ : ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਪਹਿਲੀ ਸੈਕਰੇਟਰੀ ਏਨਮ ਗੰਭੀਰ ਨੂੰ ਦੋ ਬਾਈਕ ਸਵਾਰਾਂ ਨੇ ਲੁੱਟ ਲਿਆ। ਨੌਜਵਾਨ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਉਸ ਵਕਤ ਉਹ ਅਪਣੀ ਮਾਂ ਨਾਲ ਘੁੰਮਣ ਨਿਕਲੀ ਸੀ। ਘਟਨਾ ਕਲ ਰਾਤ ਰੋਹਿਣੀ ਇਲਾਕੇ ਵਿਚ ਵਾਪਰੀ। ਏਨਮ ਗੰਭੀਰ 2005 ਬੈਚ ਦੀ ਵਿਦੇਸ਼ ਸੇਵਾ ਅਧਿਕਾਰੀ ਹੈ ਅਤੇ ਇਸ ਵੇਲੇ ਨਿਊਯਾਰਕ ਵਿਚ ਤੈਨਾਤ ਹੈ। ਉਹ ਕੁੱਝ ਦਿਨ ਪਹਿਲਾਂ ਹੀ ਛੁੱਟੀਆਂ ਬਿਤਾਉਣ ਭਾਰਤ ਆਈ ਸੀ। ਏਨਮ ਨੇ ਪੁਲਿਸ ਕੋਲ ਦਰਜ ਕਰਾਈ ਸ਼ਿਕਾਇਤ ਵਿਚ ਦਸਿਆ ਕਿ ਜਦ ਉਹ ਪਾਰਕ ਵਿਚ ਟਹਿਲ ਰਹੀ ਸੀ ਤਾਂ ਬਾਈਕ ਸਵਾਰ ਦੋ ਜਣਿਆਂ ਨੇ ਉਸ ਨੂੰ ਹਨੂਮਾਨ ਮੰਦਰ ਦਾ ਰਸਤਾ ਪੁਛਿਆ। ਜਿਉਂ ਹੀ ਉਸ ਨੇ ਰਸਤਾ ਦੱਸਣ ਲਈ ਅਪਣਾ ਹੱਥ ਚੁਕਿਆ ਤਾਂ ਉਹ ਉਸ ਦਾ
ਆਈਫ਼ੋਨ ਪਲੱਸ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਹਨੇਰੇ ਕਾਰਨ ਉਹ ਲੁਟੇਰਿਆਂ ਦਾ ਚਿਹਰਾ ਅਤੇ ਬਾਈਕ ਦਾ ਨੰਬਰ ਨਹੀਂ ਵੇਖ ਸਕੀ। ਉਸ ਨੇ ਦਸਿਆ ਕਿ ਮੋਬਾਈਲ ਫ਼ੋਨ ਵਿਚ ਯੂਐਸ ਰਜਿਸਟਰਡ ਸਿਮ ਅਤੇ ਉਸ ਦੇ ਕੰਮ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਸਨ। ਪੁਲਿਸ ਨੇ ਦੋ ਜਣਿਆਂ ਵਿਰੁਧ ਕੇਸ ਦਰਜ ਕਰ ਲਿਆ ਹੈ ਅਤੇ ਲੁਟੇਰਿਆਂ ਦੀ ਭਾਲ ਲਈ ਟੀਮ ਬਣਾਈ ਹੈ। ਇਸੇ ਸਾਲ ਸੰਯੁਕਤ ਰਾਸ਼ਟਰ ਅਸੈਂਬਲੀ ਵਿਚ ਏਨਮ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਭਾਸ਼ਨ ਦਾ ਜਵਾਬ ਦਿਤਾ ਸੀ। ਉਸ ਨੇ ਅਪਣੇ ਭਾਸ਼ਨ ਵਿਚ ਪਾਕਿਸਤਾਨ ਨੂੰ ਟੈਰਰਸਤਾਨ ਦਸਿਆ ਸੀ। (ਏਜੰਸੀ)