SBI ਨੇ ਨਵੇਂ ਆਈ. ਐੱਫ. ਐੱਸ. ਸੀ. ਕੋਡ ਕੀਤੇ ਜਾਰੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਇੰਟਰਨੈੱਟ ਬੈਂਕਿੰਗ ਇਸਤੇਮਾਲ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਇਹ ਪ੍ਰੇਸ਼ਾਨੀ ਖਾਸ ਕਰਕੇ ਉਦੋਂ ਆ ਸਕਦੀ ਹੈ ਜਦੋਂ ਤੁਸੀਂ ਕਿਸੇ ਕੋਲੋਂ ਆਨਲਾਈਨ ਪੈਸੇ ਮੰਗਵਾਉਣੇ ਜਾਂ ਫਿਰ ਭੇਜਣੇ ਹੋਣਗੇ। ਬੈਂਕ ਨੇ ਦਿੱਲੀ, ਚੰਡੀਗੜ੍ਹ, ਜੈਪੁਰ, ਅਹਿਮਦਾਬਾਦ ਸਮੇਤ ਕਈ ਸ਼ਹਿਰਾਂ 'ਚ ਕੁੱਲ 1295 ਬਰਾਂਚਾਂ ਦੇ ਆਈ. ਐੱਫ. ਐੱਸ. ਸੀ. ਕੋਡ ਬਦਲ ਦਿੱਤੇ ਹਨ। 

ਇਸ ਕੋਡ ਦੀ ਮਦਦ ਨਾਲ ਇਕ ਬੈਂਕ ਖਾਤੇ 'ਚੋਂ ਦੂਜੇ ਬੈਂਕ ਖਾਤੇ 'ਚ ਆਨਲਾਈਨ ਬੈਂਕਿੰਗ ਜ਼ਰੀਏ ਪੈਸੇ ਟਰਾਂਸਫਰ ਕਰਨਾ ਸੰਭਵ ਹੁੰਦਾ ਹੈ। ਬੈਂਕ ਨੇ ਹਾਲ ਹੀ 'ਚ ਆਪਣੇ ਖਾਤਾ ਧਾਰਕਾਂ ਨੂੰ ਸੂਚਨਾ ਦਿੱਤੀ ਸੀ ਕਿ ਰਲੇਵੇਂ ਤੋਂ ਬਰਾਂਚਾਂ ਦੇ ਆਈ. ਐੱਫ. ਐੱਸ. ਸੀ. ਕੋਡ ਬਦਲੇ ਜਾਣਗੇ। ਜਿਸ ਦੇ ਮੱਦੇਨਜ਼ਰ ਗਾਹਕਾਂ ਨੂੰ ਚੈੱਕ ਬੁੱਕ ਬਦਲਣ ਲਈ ਕਿਹਾ ਗਿਆ ਸੀ, ਤਾਂ ਕਿ ਚੈੱਕ ਲਾਉਣ 'ਚ ਕੋਈ ਪ੍ਰੇਸ਼ਾਨੀ ਨਾ ਆਵੇ।

ਭਾਰਤੀ ਸਟੇਟ ਬੈਂਕ ਨੇ ਜਿਨ੍ਹਾਂ ਸ਼ਹਿਰਾਂ ਦੀਆਂ ਬਰਾਂਚਾਂ ਦਾ ਆਈ. ਐੱਫ. ਐੱਸ. ਸੀ. ਕੋਡ ਬਦਲਿਆ ਹੈ ਉਹ ਸ਼ਹਿਰ ਹਨ ਚੰਡੀਗੜ੍ਹ, ਅਹਿਮਦਾਬਾਦ, ਅਮਰਾਵਤੀ, ਬੇਂਗਲੁਰੂ, ਭੋਪਾਲ, ਤਿਰੂਵਨੰਤਪੁਰਮ, ਭੁਵਨੇਸ਼ਵਰ, ਕੋਲਕਾਤਾ, ਪਟਨਾ, ਚੇਨਈ ਮੁੰਬਈ, ਪਟਨਾ ਅਤੇ ਲਖਨਊ ਹਨ। ਪੰਜਾਬ 'ਚ ਕਈ ਬਰਾਂਚਾਂ ਦੇ ਕੋਡ ਬਦਲੇ ਗਏ ਹਨ, ਜਿਨ੍ਹਾਂ 'ਚ ਮੁੱਲਾਂਪੁਰ, ਮਹਿਲਪੁਰ, ਕਰਤਾਰਪੁਰ, ਅਮਲੋਹ, ਸਮਰਾਲਾ, ਬੱਸੀ ਪਠਾਣਾ, ਧਰਮਕੋਟ, ਕੁਰਾਲੀ, ਸੁਲਤਾਨਪੁਰ ਲੋਧੀ, ਕੂਲ ਰੋਡ ਜਲੰਧਰ, ਛੋਟੀ ਬਾਰਾਦਰੀ ਜਲੰਧਰ, ਕੋਟ ਈਸੇ ਖਾਂ ਆਦਿ ਬਰਾਂਚਾਂ ਸ਼ਾਮਲ ਹਨ।

ਇਨ੍ਹਾਂ ਸਾਰੇ ਸ਼ਹਿਰਾਂ ਦੀਆਂ ਬਰਾਂਚਾਂ ਦੇ ਖਾਤਿਆਂ 'ਚ ਨੈੱਟ ਬੈਂਕਿੰਗ ਜ਼ਰੀਏ ਪੈਸਾ ਟਰਾਂਸਫਰ ਕਰਨ 'ਚ ਪ੍ਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਇੰਟਰਨੈੱਟ ਬੈਂਕਿੰਗ ਜ਼ਰੀਏ ਫੰਡ ਟਰਾਂਸਫਰ ਕਰਨ ਲਈ ਆਈ. ਐੱਫ. ਐੱਸ. ਸੀ. ਕੋਡ ਦੀ ਜ਼ਰੂਰਤ ਹੁੰਦੀ ਹੈ।