ਸਿੱਖ ਬੀਬੀਆਂ ਲਈ ਆਦਰਸ਼ ਹੈ ਸਰਦਾਰਨੀ ਸਦਾ ਕੌਰ

ਖ਼ਬਰਾਂ, ਰਾਸ਼ਟਰੀ

ਭਾਵੇਂ ਸਰਦਾਰਨੀ ਸਦਾ ਕੌਰ ਨੂੰ ਕੋਈ ਯਾਦ ਕਰੇ ਜਾਂ ਨਾ ਕਰੇ ਪਰ ਇਹ ਸਰਦਾਰਨੀ ਸਦਾ ਕੌਰ ਹੀ ਸੀ ਜਿਹੜੀ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਬਣਾ ਗਈ। ਉਂਝ ਵੀ ਪੰਜਾਬ ਦੇ ਇਤਿਹਾਸ ਵਿਚ ਇਸਤ੍ਰੀਆਂ ਨੂੰ ਪਿੱਛੇ ਹੀ ਰੱਖਿਆ ਜਾਂਦਾ ਰਿਹਾ ਹੈ, ਭਾਵੇਂ ਉਨ੍ਹਾਂ ਦੀ ਦੇਣ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ। “ਤੀਵੀਆਂ ਦੀ ਮੱਤ ਗੁੱਤ ਪਿੱਛੇ ਹੁੰਦੀ ਹੈ” ਕਈਆਂ ਨੇ ਇਹ ਕਹਿ ਕੇ ਔਰਤ ਦੀ ਕੀਤੀ ਭੁਲਾ ਦਿੱਤੀ ਹੈ।

ਸਦਾ ਕੌਰ ਪੰਜਾਬੀ ਸਿੰਘਣੀ ਸੀ ਜਿਸ ਨੇ ਰਣਜੀਤ ਸਿੰਘ ਨੂੰ ਲਾਹੌਰ ਦੇ ਤਖ਼ਤ 'ਤੇ ਬਿਠਾਇਆ। ਉਹ ਰਣਜੀਤ ਸਿੰਘ ਦੀ ਸੱਸ ਅਤੇ ਕਨ੍ਹਈਆ ਮਿਸਲ ਦੀ ਮਹਾਰਾਣੀ ਸੀ। ਸਦਾ ਕੌਰ ਦਾ ਜਨਮ 1762 ਨੂੰ ਫਿਰੋਜ਼ਪੁਰ ਵਿਚ ਸਰਦਾਰ ਦਸੌਂਧਾ ਸਿੰਘ ਗਿੱਲ ਦੇ ਘਰ ਹੋਇਆ ਸੀ। ਸਦਾ ਕੌਰ ਦਾ ਪਿੰਡ ਰਾਉਕੇ (ਹੁਣ ਮੋਗਾ ਜ਼ਿਲ੍ਹਾ) ਸੀ। ਉਸ ਦਾ ਪਿਤਾ ਰਾਉਕਿਆਂ ਦਾ ਇਕ ਤਕੜਾ ਸਰਦਾਰ ਸੀ। ਸਰਦਾਰਨੀ ਸਦਾ ਕੌਰ ਦਾ ਵਿਆਹ ਕਨ੍ਹਈਆ ਮਿਸਲ ਦੇ ਮਿਸਲਦਾਰ ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ, ਜਿਸਦੀ ਉਮਰ ਉਦੋਂ ਨੌਂ ਸਾਲ ਸੀ, ਨਾਲ ਹੋਈ ਹੋਈ ਸੀ।