ਸਿੱਖ ਕਤਲੇਆਮ : ਗਵਾਹ ਵਰਮਾ ਦਾ 'ਝੂਠ ਫੜਨ ਵਾਲਾ ਟੈਸਟ' 3 ਅਕਤੂਬਰ ਤੋਂ ਹੋਵੇਗਾ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 12 ਸਤੰਬਰ : ਸੀਬੀਆਈ ਨੇ ਅੱਜ ਦਿੱਲੀ ਦੀ ਅਦਾਲਤ ਨੂੰ ਦਸਿਆ ਕਿ 1984 ਸਿੱਖ ਕਤਲੇਆਮ ਦੇ ਕੇਸ ਵਿਚ ਗਵਾਹ ਅਭਿਸ਼ੇਕ ਵਰਮਾ ਦਾ 'ਝੂਠ ਫੜਨ ਵਾਲਾ ਟੈਸਟ' 3 ਅਕਤੂਬਰ ਤੋਂ 6 ਅਕਤੂਬਰ ਤਕ ਹੋਵੇਗਾ। ਇਸ ਟੈਸਟ ਰਾਹੀਂ ਪਤਾ ਲੱਗੇਗਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਸੱਚ। ਸੀਬੀਆਈ ਨੇ ਜੱਜ ਅਮਿਤ ਅਰੋੜਾ ਦੀ ਅਦਾਲਤ ਨੂੰ ਇਹ ਜਾਣਕਾਰੀ ਦਿਤੀ।

ਉਧਰ, ਸੀਨੀਅਰ ਵਕੀਲ ਐਚ ਐਸ ਫੂਲਕਾ ਜਿਹੜਾ ਕਤਲੇਆਮ ਪੀੜਤਾਂ ਦੀ ਨੁਮਾਇੰਦਗੀ ਕਰ ਰਹੇ ਹਨ, ਨੇ ਕਿਹਾ ਕਿ ਜਾਂਚ ਏਜੰਸੀ ਇਸ ਕੇਸ ਵਿਚ ਗਵਾਹਾਂ ਦੇ ਬਿਆਨ ਦਰਜ ਨਾ ਕਰ ਕੇ ਮਾਮਲਾ ਲਟਕਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 30 ਅਕਤੂਬਰ ਤੈਅ ਕਰ ਦਿਤੀ। ਜਦ ਕਾਂਗਰਸ ਆਗੂ ਜਗਦੀਸ਼ ਟਾਈਟਲਰ ਜਿਸ ਨੂੰ ਸੀਬੀਆਈ ਨੇ ਕਲੀਨ ਚਿਟ ਦੇ ਦਿਤੀ ਹੈ, ਨੇ ਉਕਤ ਟੈਸਟ ਕਰਾਉਣ ਤੋਂ ਇਨਕਾਰ ਕਰ ਦਿਤਾ ਸੀ ਤਾਂ ਵਿਵਾਦਗ੍ਰਸਤ ਹਥਿਆਰ ਡੀਲਰ ਅਭਿਸ਼ੇਕ ਨੇ ਇਸ ਸ਼ਰਤ 'ਤੇ ਟੈਸਟ ਕਰਾਉਣ ਦੀ ਹਾਮੀ ਭਰੀ ਸੀ ਕਿ ਉਸ ਨੂੰ 24 ਘੰਟੇ ਸੁਰੱਖਿਆ ਦਿਤੀ ਜਾਵੇ। ਇਹ ਕੇਸ ਗੁਰਦਵਾਰਾ ਪੁਲਬੰਗਸ਼ ਵਿਖੇ ਵਾਪਰੀ ਹਿੰਸਕ ਘਟਨਾ ਨਾਲ ਸਬੰਧਤ ਹੈ ਜਿਸ ਵਿਚ ਬਾਦਲ ਸਿੰਘ, ਠਾਕੁਰ ਸਿੰਘ ਅਤੇ ਗੁਰਚਰਨ ਸਿੰਘ ਦੀ ਹਤਿਆ ਕੀਤੀ ਗਈ ਸੀ।  (ਪੀਟੀਆਈ)