ਸੀਨੀਅਰ ਪੱਤਰਕਾਰ ਅਤੇ ਮਾਤਾ ਦੇ ਕਤਲ ਦੀ ਜਾਂਚ ਲਈ ਵਿਸ਼ੇਸ਼ ਪੜਤਾਲੀਆ ਟੀਮ ਦਾ ਗਠਨ

ਖ਼ਬਰਾਂ, ਰਾਸ਼ਟਰੀ



ਚੰਡੀਗੜ੍ਹ, 23 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਦੇ ਸ਼ੱਕੀ ਕਤਲ ਦੀ ਜਾਂਚ ਕਰਨ ਲਈ ਆਈ.ਜੀ (ਅਪਰਾਧ) ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਮੁਹਾਲੀ ਵਿਖੇ ਫ਼ੇਜ਼ 3ਏ ਵਿਚ ਸਥਿਤ ਅਪਣੇ ਘਰ ਵਿਚ ਮ੍ਰਿਤਕ ਹਾਲਤ ਵਿਚ ਮਿਲੇ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਨਾਮਾਲੂਮ ਮਕਸਦ ਲਈ ਉਨ੍ਹਾਂ ਦਾ ਕਤਲ ਕਰ ਦਿਤਾ ਗਿਆ।

ਚੰਡੀਗੜ੍ਹ ਵਿਚ 'ਇੰਡੀਅਨ ਐਕਸਪ੍ਰੈਸ', 'ਦਾ ਟ੍ਰਿਬਿਊਨ' ਅਤੇ 'ਦਾ ਟਾਈਮਜ਼ ਆਫ ਇੰਡੀਆ' ਦੇ ਸਾਬਕਾ ਨਿਊਜ਼ ਐਡੀਟਰ ਕੇ.ਜੇ. ਸਿੰਘ ਦੇ ਗਲ 'ਤੇ ਕੱਟ ਦਾ ਨਿਸ਼ਾਨ ਮਿਲਿਆ ਜਦਕਿ ਉਨ੍ਹਾਂ ਦੀ ਮਾਤਾ ਨੂੰ ਗਲਾ ਘੁੱਟ ਕੇ ਮਾਰ ਦੇਣ ਦਾ ਸ਼ੱਕ ਹੈ। ਇਸ ਅਪਰਾਧਿਕ ਘਟਨਾ ਦਾ ਤੁਰਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਇਸ ਕੇਸ ਦੀ ਵਿਸਥਾਰਤ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਲਈ ਆਖਿਆ। ਇਸ ਜਾਂਚ ਟੀਮ ਦੀ ਅਗਵਾਈ ਕਰ ਰਹੇ ਆਈ. ਜੀ. (ਅਪਰਾਧ) ਨੂੰ ਜਾਂਚ ਦੌਰਾਨ ਹਰ ਇਕ ਪਹਿਲੂ ਨੂੰ ਘੋਖਣ ਅਤੇ ਦੋਸ਼ੀਆਂ ਦੀ ਸ਼ਨਾਖਤ ਕਰ ਕੇ ਛੇਤੀ ਤੋਂ ਛੇਤੀ ਕਾਬੂ ਕਰਨ ਲਈ ਆਖਿਆ।