ਸਿਰਸਾ ਡੇਰੇ 'ਚ ਪਿੰਜਰ ਦਬਾਏ ਜਾਣ ਬਾਰੇ ਤੱਥ ਠੀਕ ਨਹੀਂ : ਜਾਂਚ ਟੀਮ

ਖ਼ਬਰਾਂ, ਰਾਸ਼ਟਰੀ



ਚੰਡੀਗੜ੍ਹ, 20 ਸਤੰਬਰ: ਹੈਰਾਨ ਕਰ ਦੇਣ ਵਾਲੇ ਘਟਨਾਕ੍ਰਮ 'ਚ ਸੌਦਾ ਸਾਧ ਦੇ ਸਰਸੇ ਵਿਚ ਸਥਿਤ ਡੇਰੇ ਦੇ ਇਕ ਸੀਨੀਅਰ ਅਹੁਦੇਦਾਰ ਨੇ ਹਰਿਆਣਾ ਪੁਲਿਸ ਨੂੰ ਦਸਿਆ ਹੈ ਕਿ ਡੇਰੇ ਦੇ ਲਗਭਗ 300-400 ਪ੍ਰੇਮੀਆਂ ਨੇ ਪਿਛਲੇ ਕੁੱਝ ਸਾਲਾਂ 'ਚ ਅਪਣੇ ਮ੍ਰਿਤਕ ਰਿਸ਼ਤੇਦਾਰਾਂ ਦਾ ਸਸਕਾਰ ਕਰਨ ਮਗਰੋਂ ਉਨ੍ਹਾਂ ਦੇ ਫੁਲਾਂ ਨੂੰ ਡੇਰੇ ਦੇ ਹੈੱਡਕੁਆਰਟਰ 'ਚ ਹੀ ਸੁਟ ਦਿਤਾ ਸੀ।

ਮੀਡੀਆ 'ਚ ਆਈਆਂ ਉਨ੍ਹਾਂ ਖ਼ਬਰਾਂ ਬਾਰੇ ਕਿ ਡੇਰੇ 'ਚ ਕੰਕਾਲਾਂ ਨੂੰ ਦਬਾ ਦਿਤਾ ਜਾਂਦਾ ਸੀ, ਡੱਬਵਾਲੀ ਦੇ ਡੀ.ਐਸ.ਪੀ. ਕੁਲਦੀਪ ਸਿੰਘ ਬੇਨੀਵਾਲ ਦੀ ਅਗਵਾਈ ਵਾਲੀ ਸਿਰਸਾ ਐਸ.ਆਈ.ਟੀ. ਨੇ ਕਿਹਾ, ਸਾਡੇ ਧਿਆਨ 'ਚ ਅਜਿਹਾ ਕੋਈ ਤੱਥ ਨਹੀਂ ਆਇਆ।

ਹਰਿਆਣਾ ਪੁਲਿਸ ਦੀ ਇਕ ਵਿਸ਼ੇਸ਼ ਜਾਂਚ ਟੀਮ ਨੇ ਕਲ ਸ਼ਾਮ ਡੇਰਾ ਸੱਚਾ ਸੌਦਾ ਦੀ ਪ੍ਰਬੰਧ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪੀ.ਆਰ. ਨੈਨ ਕੋਲੋਂ ਸਿਰਸਾ 'ਚ ਢਾਈ ਘੰਟੇ ਪੁੱਛ-ਪੜਤਾਲ ਕੀਤੀ ਸੀ।

ਡੀ.ਐਸ.ਪੀ. ਨੇ ਕਿਹਾ ਕਿ ਨੈਨ ਡੇਰੇ ਦੇ ਖੇਤੀਬਾੜੀ ਵਿਭਾਗ ਦੀ ਵੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਉਨ੍ਹਾਂ ਕਿਹਾ ਕਿ ਕੁੱਝ ਡੇਰਾ ਪ੍ਰੇਮੀ ਫੁਲ ਲਿਆਉਂਦੇ ਸਨ ਅਤੇ ਅਤੇ ਉਨ੍ਹਾਂ ਨੂੰ ਡੇਰੇ 'ਚ ਫੈਲਾ ਦਿੰਦੇ ਸਨ। ਡੇਰਾ ਅਜਿਹੇ ਲੋਕਾਂ ਦਾ ਪਤਾ ਅਤੇ ਹੋਰ ਸੰਪਰਕ ਵੇਰਵਾ ਵੀ ਰਖਦਾ ਸੀ ਜਿਸ ਨੂੰ ਨੈਨ ਨੇ ਪੁਲਿਸ ਨੂੰ ਵਿਖਾਇਆ।

ਪੁਲਿਸ ਨੇ ਕਿਹਾ ਕਿ ਨੈਨ ਨਾਲ ਵਿਸਤਾਰ 'ਚ ਪੁੱਛ-ਪੜਤਾਲ ਕੀਤੀ ਗਈ ਅਤੇ ਜੇਕਰ ਜ਼ਰੂਰਤ ਹੋਈ ਤਾਂ ਉਸ ਨੂੰ ਮੁੜ ਪੁੱਛ-ਪੜਤਾਲ ਲਈ ਸਦਿਆ ਜਾਵੇਗਾ। ਬਲਾਤਕਾਰ ਦੇ ਦੋ ਮਾਮਲਿਆਂ 'ਚ ਸੌਦਾ ਸਾਧ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਹ ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਹੈ। (ਪੀਟੀਆਈ)