ਸਿਰਸਾ ਡੇਰੇ ਲਈ ਭਾਰੀ ਸਾਬਤ ਹੋਵੇਗਾ ਇਸ ਮਹੀਨੇ ਦਾ ਆਖ਼ਰੀ ਹਫ਼ਤਾ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ, 24 ਸਤੰਬਰ (ਨੀਲ ਭਲਿੰਦਰ ਸਿਂੰਘ): ਅਗੱਸਤ ਮਹੀਨੇ ਦੇ ਇਨ੍ਹਾਂ ਦਿਨਾਂ ਵਿਚ ਹੀ ਬਲਾਤਕਾਰ ਦਾ ਦੋਸ਼ੀ ਠਹਿਰਾਅ ਜੇਲੀਂ ਡੱਕੇ ਸੌਦਾ ਸਾਧ ਖਾਸਕਰ ਉਸ ਦੇ ਸਿਰਸਾ ਡੇਰੇ ਲਈ ਸਤੰਬਰ ਮਹੀਨੇ ਦਾ ਇਹ ਆਖ਼ਰੀ ਹਫ਼ਤਾ ਵੀ ਭਾਰੀ ਅਹਿਮ ਸਾਬਤ ਹੋਣ ਜਾ ਰਿਹਾ ਹੈ। ਇਕ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਉਤੇ ਡੇਰੇ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਦੀ ਰੀਪੋਰਟ ਤਿਆਰ ਹੋ ਚੁਕੀ ਹੈ। 27 ਸਤੰਬਰ ਨੂੰ ਸੀਲਬੰਦ ਰੂਪ 'ਚ ਹਾਈਕੋਰਟ ਨੂੰ ਇਹ ਰੀਪੋਰਟ ਸੌਂਪੀ ਜਾਵੇਗੀ।
ਪੰਚਕੂਲਾ ਸੀਬੀਆਈ ਅਦਾਲਤ 'ਚ ਭਲਕੇ ਪੱਤਰਕਾਰ ਰਾਮ ਚੰਦਰ  ਛਤਰਪਤੀ ਹਤਿਆ ਕੇਸ ਉਤੇ ਆਖ਼ਰੀ ਬਹਿਸ ਸ਼ੁਰੂ ਹੋਵੇਗੀ ਅਤੇ ਸਾਧ ਦੇ ਸਾਬਕਾ ਡਰਾਈਵਰ ਖੱਟਾ ਸਿਂੰਘ ਵਲੋਂ ਅਪਣੇ ਬਿਆਨ ਮੁੜ ਦਰਜ ਕੀਤੇ ਜਾਣ ਦੀ ਅਪੀਲ ਵਾਲੀ ਅਰਜ਼ੀ ਦਾ ਵੀ ਫ਼ੈਸਲਾ ਹੋਵੇਗਾ। ਇਸੇ ਦੌਰਾਨ ਸੌਦਾ ਸਾਧ ਤੋਂ ਨਾਤਾ ਤੋੜਨ ਵਾਲੇ ਸ਼ਾਹ ਮਸਤਾਨਾ ਦੇ ਪੈਰੋਕਾਰਾਂ ਦੀ ਉਨ੍ਹਾਂ ਦੇ 17 ਡੇਰੇ ਨਾ ਅਟੈਚ ਕਰਨ ਦੀ ਅਪੀਲ ਵਾਲੀ ਅਰਜ਼ੀ 'ਤੇ ਵੀ ਹਾਈ ਕੋਰਟ 'ਚ ਸੋਮਵਾਰ ਨੂੰ ਹੀ ਸੁਣਵਾਈ ਸੰਭਵ ਹੈ। ਜਾਣਕਰੀ ਮੁਤਾਬਕ ਕੋਰਟ ਕਮਿਸ਼ਨਰ ਅਨਿਲ ਕੁਮਾਰ ਸਿੰਘ ਪੰਵਾਰ ਤਲਾਸ਼ੀ ਮੁਹਿੰਮ ਦੀ ਰੀਪੋਰਟ ਤਿਆਰ ਕਰ ਲਈ ਹੈ।  ਹੁਣ  ਇਸ ਰੀਪੋਰਟ  ਦੇ ਆਧਾਰ 'ਤੇ ਹਾਈ ਕੋਰਟ ਤੈਅ ਕਰੇਗਾ ਕਿ ਡੇਰੇ ਦੀਆਂ ਸੰਪਤੀਆਂ ਨੂੰ ਸੀਲ ਕੀਤਾ ਜਾਵੇ ਜਾਂ  ਨਹੀਂ।  
ਡੇਰੇ ਦੀਆਂ ਸੰਪਤੀਆਂ  ਦੀ ਅਟੈਚਮੇਂਟ ਨੂੰ ਲੈ ਕੇ ਵੀ  ਡੇਰੇ ਵਿਚ ਦੋ ਗੁੱਟ ਬਣ  ਗਏ ਹਨ। ਡੇਰੇ ਦਾ ਇਕ ਗੁਟ ਜਿੱਥੇ ਮੋਢੀ ਬਾਬੇ  ਸ਼ਾਹ ਮਸਤਾਨਾ  ਦੇ ਸਮੇਂ ਵਿਚ ਬਣੀਆਂ  ਸੰਪਤੀਆਂ  ਨੂੰ ਅਟੈਚ ਕਰਨ  ਵਿਰੁਧ ਹੈ,  ਉਥੇ ਹੀ ਦੂਜਾ ਗੁੱਟ ਕਿਸੇ ਵੀ ਤਰ੍ਹਾਂ  ਦੀ ਜਾਇਦਾਦ ਅਟੈਚ ਕੀਤੇ ਜਾਣ ਦੇ ਪੱਖ ਵਿਚ ਨਹੀਂ ਹੈ। ਸ਼ਾਹ ਮਸਤਾਨਾ ਅਤੇ ਗੁਰਮੀਤ ਰਾਮ ਰਹੀਮ ਦੇ ਕਾਰਜਕਾਲ ਵਿਚ ਬਣੀਆਂ ਸਮੂਹ ਸੰਪਤੀਆਂ ਦੀ ਸੂਚੀ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ  ਸੌਂਪੀ ਜਾ ਚੁੱਕੀ ਹੈ। ਸ਼ਾਹ ਮਸਤਾਨਾ ਦੇ  ਕਾਰਜਕਾਲ ਦੀਆਂ ਸੰਪਤੀਆਂ ਦੀ ਗਿਣਤੀ 17 ਦੱਸੀ ਜਾ ਰਹੀ ਹੈ।