ਸੋਨੀਆ ਦੀ 'ਰਸੋਈ' 'ਚ ਰਿੱਝੇਗੀ ਸਾਂਝੇ ਮੋਰਚੇ ਦੀ ਖਿਚੜੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 6 ਮਾਰਚ : ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ 13 ਮਾਰਚ ਨੂੰ ਰਾਤ ਦੇ ਖਾਣੇ ਲਈ ਬੁਲਾਇਆ ਹੈ। ਇਸ ਸਰਗਰਮੀ ਨੂੰ ਭਾਜਪਾ ਵਿਰੁਧ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਮੁਤਾਬਕ ਸੰਸਦ ਵਿਚ ਸਰਕਾਰ 'ਤੇ ਹਮਲਾ ਬੋਲਣ ਲਈ ਵਿਰੋਧੀ ਪਾਰਟੀਆਂ ਦੁਆਰਾ ਹੱਥ ਮਿਲਾਏ ਜਾਣ ਦੀ ਪਿੱਠਭੂਮੀ ਵਿਚ ਇਹ ਪਹਿਲ ਵਿਰੋਧੀ ਧਿਰ ਨੂੰ ਮਜ਼ਬੂਤ ਕਰਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਲਈ ਸਾਂਝੇ ਮੋਰਚੇ ਦੀ ਨੀਂਹ ਰੱਖਣ ਦੀ ਦਿਸ਼ਾ ਵਿਚ ਕਦਮ ਹੈ। ਸੋਨੀਆ ਨੇ ਇਹ ਪਹਿਲ ਅਜਿਹੇ ਸਮੇਂ ਕੀਤੀ ਹੈ ਜਦ ਗ਼ੈਰ-ਭਾਜਪਾ, ਗ਼ੈਰ-ਕਾਂਗਰਸ ਮੋਰਚੇ ਦੀਆਂ ਸੰਭਾਵਨਾਵਾਂ ਸਬੰਧੀ ਚਰਚਾ ਹੋ ਰਹੀ ਹੈ। ਉਧਰ, ਭਾਜਪਾ ਦੇ ਸੰਸਦ ਮੈਂਬਰਾਂ ਨੂੰ ਵੀ ਆਉਂਦੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨਾਲ ਰਾਤ ਦੇ ਖਾਣੇ ਦਾ ਸੱਦਾ ਦਿਤਾ ਗਿਆ ਹੈ। ਉਨ੍ਹਾਂ ਨੂੰ ਪਾਰਟੀ ਮੁੱਖ ਦਫ਼ਤਰ ਵਿਚ ਬੁਲਾਇਆ ਗਿਆ ਹੈ। ਇਹ 332 ਸੰਸਦ ਮੈਂਬਰਾਂ ਲਈ ਮੁੱਖ ਦਫ਼ਤਰ ਦਾ ਦੌਰਾ ਕਰਨ ਅਤੇ ਆਗੂਆਂ ਨਾਲ ਗੱਲਬਾਤ ਕਰਨ ਦਾ ਮੌਕਾ ਹੋਵੇਗਾਇਸ ਤੋਂ ਪਹਿਲਾਂ ਟੀਆਰਐਸ ਮੁਖੀ ਚੰਦਰਸ਼ੇਖ਼ਰ ਰਾਉ ਨੇ ਇਸ ਮਾਮਲੇ ਵਿਚ ਕੌਮੀ ਪੱਧਰ 'ਤੇ ਵਿਚਾਰਾਂ ਕਰਨ ਦਾ ਪ੍ਰਸਤਾਵ ਦਿਤਾ ਸੀ।

 ਸੂਤਰਾਂ ਨੇ ਪੁਸ਼ਟੀ ਕੀਤੀ ਕਿ ਸੋਨੀਆ ਗਾਂਧੀ ਦਾ ਰਾਤ ਦੇ ਖਾਣੇ ਦਾ ਸੱਦਾ ਉਨ੍ਹਾਂ ਸਾਰੀਆਂ ਵਿਰੋਧੀ ਪਾਰਟੀਆਂ ਲਈ ਹੈ ਜਿਹੜੀਆਂ ਸੰਸਦ ਦੇ ਅੰਦਰ ਅਤੇ ਬਾਹਰ ਭਾਜਪਾ ਦਾ ਮੁਕਾਬਲਾ ਕਰਨਗੀਆਂ। ਉਨ੍ਹਾਂ ਕਿਹਾ, 'ਇਹ ਮਹਿਜ਼ ਰਾਤ ਦਾ ਖਾਣਾ ਨਹੀਂ ਸਗੋਂ ਇਹ ਵਿਰੋਧੀ ਪਾਰਟੀਆਂ ਦਾ ਸ਼ਕਤੀ ਪ੍ਰਦਰਸ਼ਨ ਵੀ ਹੋਵੇਗਾ ਜਿਹੜੀਆਂ ਭਾਜਪਾ ਵਿਰੁਧ ਸਾਂਝਾ ਮੋਰਚਾ ਬਣਾ ਸਕਦੀਆਂ ਹਨ।' ਸੂਤਰਾਂ ਮੁਤਾਬਕ ਸੋਨੀਆ ਇਸ ਗੱਲ ਦੀ ਇੱਛਾ ਰਖਦੀ ਹੈ ਕਿ ਸਾਰੇ ਸੀਨੀਅਰ ਵਿਰੋਧੀ ਆਗੂ ਰਾਤ ਦੇ ਖਾਣੇ 'ਤੇ ਆਉਣ ਜਿਸ ਵਿਚ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਵੀ ਸ਼ਾਮਲ ਹੋਵੇ। ਮਮਤਾ ਨੇ ਹਾਲੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ। ਕਿਹਾ ਜਾ ਰਿਹਾ ਹੈ ਕਿ ਐਨਡੀਏ ਦੀ ਭਾਈਵਾਲ ਤੇਲਗੂ ਦੇਸਮ ਪਾਰਟੀ ਵੀ ਪੁੱਜੇਗੀ। (ਏਜੰਸੀ)