ਸੋਸ਼ਲ ਮੀਡੀਆ 'ਚ ਜੱਜ ਜਗਦੀਪ ਸਿੰਘ ਨੂੰ ਸਲਾਮ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 28 ਅਗੱਸਤ: ਸੌਦਾ ਸਾਧ ਨੂੰ ਬਲਾਤਕਾਰ ਦੇ ਮਾਮਲੇ 'ਚ 20 ਸਾਲਾਂ ਦੀ ਜੇਲ ਦੀ ਸਜ਼ਾ ਸੁਣਾਉਣ ਵਾਲੇ ਜਸਟਿਸ ਜਗਦੀਪ ਸਿੰਘ ਅੱਜ ਸੋਸ਼ਲ ਮੀਡੀਆ 'ਚ ਛਾਏ ਰਹੇ ਅਤੇ ਇਸ ਮਹੱਤਵਪੂਰਨ ਫ਼ੈਸਲੇ ਦੀ ਕਾਫ਼ੀ ਤਾਰੀਫ਼ ਕੀਤੀ ਗਈ। ਕਈ ਸਿਆਸਤਦਾਨਾਂ, ਪੱਤਰਕਾਰਾਂ ਅਤੇ ਹੋਰਾਂ ਨੇ ਉਨ੍ਹਾਂ ਨੂੰ 'ਸਲਾਮ' ਕੀਤਾ। ਸਜ਼ਾ ਸੁਣਾਏ ਜਾਣ ਤੋਂ ਤੁਰਤ ਬਾਅਦ ਜਗਦੀਪ ਸਿੰਘ ਟਵਿਟਰ ਉਤੇ ਟਰੈਂਡ ਕਰਨ ਲੱਗੇ।
  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਕੀਲ ਐਚ.ਐਸ. ਫ਼ੁਲਕਾ ਨੇ ਜੱਜ ਦੀ ਤਾਰੀਫ਼ ਕਰਦਿਆਂ ਟਵੀਟ ਕੀਤਾ, ''ਭਾਰਤ ਨੂੰ ਹੋਰ ਮਜ਼ਬੂਤ ਲੋਕਤੰਤਰ ਬਣਾਉਣ ਲਈ ਸਾਨੂੰ ਜਗਦੀਪ ਸਿੰਘ ਵਰਗੇ ਹੋਰ ਜੱਜਾਂ ਦੀ ਜ਼ਰੂਰਤ ਹੈ।''
ਪੱਤਰਕਾਰ ਅਤੇ ਐਂਕਰ ਰਿਚਾ ਅਨਿਰੁੱਧ ਨੇ ਕਿਹਾ ਕਿ ਸਾਧਵੀਆਂ (ਪੀੜਤਾਵਾਂ) ਪੱਤਰਕਾਰ ਛੱਤਰਪਤੀ ਜੀ, ਸੀ.ਬੀ.ਆਈ. ਅਧਿਕਾਰੀ ਨਾਰਾਇਣਨ, ਜੱਜ ਜਗਦੀਪ ਸਿੰਘ ਨੂੰ ਸਲਾਮ। ਸ਼ੁਭਮ ਸਿੰਘ ਨਾਮਕ ਇਕ ਸ਼ਖ਼ਸ ਨੇ ਲਿਖਿਆ ਕਿ ਜਸਟਿਸ ਜਗਦੀਪ ਸਿੰਘ ਅਸਲੀ 'ਮੈਸੰਜਰ ਆਫ਼ ਗਾਡ' ਨਿਕਲੇ ਜਿਨ੍ਹਾਂ ਨੇ ਪਰਦੇ ਵਾਲੇ 'ਮੈਸੰਜਰ ਆਫ਼ ਗਾਡ' ਨੂੰ ਸਜ਼ਾ ਸੁਣਾਈ।  (ਪੀਟੀਆਈ)