ਸੁਪਰੀਮ ਕੋਰਟ ਦੀ ਹਦਾਇਤ 'ਤੇ ਕਾਰਤੀ ਪੁੱਜਾ ਹਾਈ ਕੋਰਟ, ਮੰਗੀ ਰਾਹਤ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 8 ਮਾਰਚ: ਸੁਪਰੀਮ ਕੋਰਟ ਨੇ ਕਾਂਗਰਸ ਦੇ ਸੀਨੀਅਰ ਆਗੂ  ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਕਾਲਾ ਧਨ ਮਾਮਲੇ ਵਿਚ ਅਪਣੀ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਅੰਤ੍ਰਿਮ ਰਾਹਤ ਲਈ ਦਿੱਲੀ ਹਾਈ ਕੋਰਟ ਜਾਣਾ ਚਾਹੀਦਾ ਹੈ। ਅਦਾਲਤ ਨੇ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਨੂੰ ਕਿਹਾ ਕਿ ਕਾਰਤੀ ਦਾ ਮਾਮਲਾ ਉਚਿਤ ਬੈਂਚ ਨੂੰ ਦਿਤਾ ਜਾਵੇ ਤਾਕਿ ਇਸ 'ਤੇ ਕਲ ਸੁਣਵਾਈ ਹੋ ਸਕੇ। ਸੁਪਰੀਮ ਕੋਰਟ ਨੇ ਛੇ ਮਾਰਚ ਨੂੰ ਇਸ ਮਾਮਲੇ ਵਿਚ ਕਾਰਤੀ ਨੂੰ ਕਿਸੇ ਵੀ ਤਰ੍ਹਾਂ ਦੀ ਅੰਤ੍ਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿਤਾ ਸੀ। ਬਾਅਦ ਵਿਚ ਕਾਰਤੀ ਚਿਦੰਬਰਮ ਨੇ ਦਿੱਲੀ ਹਾਈ ਕੋਰਟ ਵਿਚ ਪਹੁੰਚ ਕਰ ਕੇ ਰਾਹਤ ਦੀ ਮੰਗ ਕੀਤੀ। ਕਿਹਾ ਗਿਆ ਕਿ ਉਸ ਵਿਰੁਧ ਸ਼ੁਰੂ ਕੀਤੀਆਂ ਗਈਆਂ ਕਾਰਵਾਈਆਂ ਅਤੇ ਉਸ ਨੂੰ ਜਾਰੀ ਕੀਤੇ ਗਏ ਸੰਮਨ ਰੱਦ ਕੀਤੇ ਜਾਣ।

 ਜੱਜ ਐਸ ਰਵਿੰਦਰ ਭੱਟ ਨੇ ਇਸ ਮਾਮਲੇ ਦੀ ਸੁਣਵਾਈ ਲਈ ਕਲ ਦੀ ਤਰੀਕ ਤੈਅ ਕੀਤੀ ਹੈ। ਕਾਰਤੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਇਹ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ ਕਿ ਸੀਬੀਆਈ ਵਲੋਂ 15 ਮਈ 2017 ਨੂੰ ਦਰਜ ਮਾਮਲੇ ਵਿਚ ਲਗਾਏ ਗਏ ਦੋਸ਼ਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਨ ਦਾ ਈਡੀ ਨੂੰ ਕੋਈ ਅਧਿਕਾਰ ਨਹੀਂ। ਉਨ੍ਹਾਂ ਈਡੀ ਵਲੋਂ ਜਾਰੀ ਸੰਮਨ ਅਤੇ ਇਸ ਮਾਮਲੇ ਵਿਚ ਸਾਰੀ ਕਾਰਵਾਈ ਨੂੰ ਰੱਦ ਕਰਨ ਦੀ ਵੀ ਸੁਪਰੀਮ ਕੋਰਟ ਤੋਂ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ 28 ਫ਼ਰਵਰੀ ਨੂੰ ਵਿਦੇਸ਼ ਤੋਂ ਚੇਨਈ ਪਹੁੰਚਦਿਆਂ ਹੀ ਕਾਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਹਾਲੇ ਵੀ ਉਹ ਸੀਬੀਆਈ ਹਿਰਾਸਤ ਵਿਚ ਹੈ। (ਪੀ.ਟੀ.ਆਈ.)